ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ 'ਚ ਕੋਰੋਨਾ ਦੇ ਆਏ ਦਿਨ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਪਾਜ਼ੇਟਿਵ ਨਿਕਲੇ, ਜਿਨ੍ਹਾਂ 'ਚ ਇਕ ਪੱਤਰਕਾਰ ਤੇ ਇਕ ਖੰਨਾ ਦੀ ਟ੍ਰੈਫਿਕ ਪੁਲਿਸ ਦਾ ਏਐੱਸਆਈ ਹੈ। ਏਐੱਸਆਈ ਦਾ ਸੈਂਪਲ ਮਾਨੂੰਪੁਰ ਸੀਐੱਚਸੀ ਤੋਂ ਲੈ ਕੇ ਭੇਜਿਆ ਗਿਆ ਸੀ। ਪੱਤਰਕਾਰ ਦਾ ਸੈਂਪਲ ਸੋਮਵਾਰ ਨੂੰ ਹੀ ਸਿਵਲ ਹਸਪਤਾਲ ਖੰਨਾ 'ਚ ਰੈਪਿਡ ਟੈਸਟਿੰਗ ਕਿੱਟ ਨਾਲ ਹੋਇਆ ਸੀ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਪਹਿਲਾਂ ਬੁਖਾਰ ਸੀ।

ਏਐੱਸਆਈ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਣ 'ਤੇ ਟ੍ਰੈਫਿਕ ਪੁਲਿਸ ਦੇ 12 ਦੇ ਕਰੀਬ ਸਟਾਫ਼ ਨੂੰ ਸੋਮਵਾਰ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਖੰਨਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 70 ਦੇ ਕਰੀਬ ਪੁੱਜ ਗਈ ਹੈ, 9 ਜੁਲਾਈ ਨੂੰ ਲਏ ਗਏ 35 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ 10 ਜੁਲਾਈ ਨੂੰ ਲਏ ਗਏ 40 ਸੈਂਪਲਾਂ 'ਚੋਂ 15 ਦੀ ਰਿਪੋਰਟ ਪੈਂਡਿੰਗ ਹੈ। ਡਾ. ਗੁਲਾਟੀ ਨੇ ਦੱਸਿਆ ਕਿ ਹਸਪਤਾਲ ਦੇ ਕੁਲੈਕਸ਼ਨ ਸੈਂਟਰ 'ਚ ਸੋਮਵਾਰ ਨੂੰ 56 ਲੋਕਾਂ ਦੇ ਸੈਂਪਲ ਲਈ ਗਏ ਸਨ। ਇਸ ਤੋਂ ਇਲਾਵਾ 3 ਸੈਂਪਲ ਰੈਪਿਡ ਕਿੱਟ ਨਾਲ ਲਏ ਗਏ। ਇਸ ਦੇ ਨਾਲ ਹੀ ਨਵੀਂ ਆਬਾਦੀ ਇਲਾਕੇ 'ਚ ਸੋਮਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ 75 ਲੋਕਾਂ ਦੇ ਸੈਂਪਲ ਲਏ ਹਨ।