ਦਿਲਸ਼ੇਰ, ਲੁਧਿਆਣਾ : ਮੰਗਲਵਾਰ ਨੂੰ ਕੋਰੋਨਾ ਵਾਇਰਸ ਕਾਰਨ ਲੁਧਿਆਣਾ 'ਚ 85 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫੌਜੀ ਮੁਹੱਲਾ ਵਾਸੀ ਬਜ਼ੁਰਗ ਨੂੰ ਸਾਹ ਲੈਣ 'ਚ ਦਿੱਕਤ ਆਉਣ 'ਤੇ 28 ਮਈ ਨੂੰ ਮੋਹਨਦੇਈ ਓਸਵਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਥੇ ਉਸ ਦਾ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ 31 ਮਈ ਨੂੰ ਪਾਜ਼ੇਟਿਵ ਆਈ। ਉਹ ਬੀਤੇ 4 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਮੰਗਲਵਾਰ ਦੁਪਹਿਰ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 85 ਸਾਲਾ ਬਜ਼ਰੁਗ ਦੀ ਮੌਤ ਦੁਪਹਿਰ 2 ਵਜੇ ਦੇ ਕਰੀਬ ਹੋਈ। ਬਜ਼ੁਰਗ ਦੇ ਦਿਲ ਦੀ ਧੜਕਣ ਰੁੱਕ ਗਈ ਸੀ। ਮੰਗਲਵਾਰ ਨੂੰ ਸਿਹਤ ਵਿਭਾਗ ਵੱਲੋਂ ਕੁਲ 409 ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ, ਜਦਕਿ 7 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਉਨ੍ਹਾਂ ਨੂੰ ਸਿਹਤਯਾਬ ਹੋਣ ਪਿੱਛੋਂ ਐੱਮਸੀਐੱਚ ਵਰਧਮਾਨ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਿਹਤਯਾਬ ਹੋਏ ਮਰੀਜ਼ਾਂ 'ਚ 6 ਦਯਾ ਬਸਤੀ ਤੋਂ ਆਏ ਆਰਪੀਐੱਫ ਦੇ ਜਵਾਨ ਤੇ ਇਕ ਵਿਅਕਤੀ ਕੇਂਦਰੀ ਜੇਲ੍ਹ ਦਾ ਕੈਦੀ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਨਾਲ ਹੀ ਸਬੰਧਤ ਹੈ। ਲੁਧਿਆਣਾ 'ਚ ਹੁਣ ਤਕ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 150 ਹੋ ਗਈ ਹੈ, ਜਦਕਿ ਹੁਣ ਤਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 9 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

-----

7032 ਲੋਕਾਂ ਨੂੰ ਕੀਤਾ ਗਿਆ ਕੁਆਰੰਟਾਈਨ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ 7032 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਮੌਜੂਦਾ ਸਮੇਂ ਸਿਰਫ 1600 ਲੋਕ ਹੀ ਏਕਾਂਤਵਾਸ 'ਚ ਹਨ।