ਬਸੰਤ ਸਿੰਘ ਰੋੜੀਆਂ,, ਲੁਧਿਆਣਾ : ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਨਾਲ 5 ਮੌਤਾਂ ਹੋਈਆਂ, ਜਦਕਿ 558 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕੋਰੋਨਾ ਵਾਇਰਸ ਦੇ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ 5 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ 'ਚ 3 ਜਣੇ ਜ਼ਿਲ੍ਹਾ ਲੁਧਿਆਣਾ, ਇਕ ਜ਼ਿਲ੍ਹਾ ਮੋਗਾ ਤੇ 1 ਸੰਗਰੂਰ ਨਾਲ ਸਬੰਧਤ ਹੈ। ਪਿਛਲੇ ਦਿਨਾਂ ਦੀਆਂ ਪੈਂਡਿੰਗ ਰਿਪੋਰਟਾਂ ਦੇ ਆਏ ਨਤੀਜਿਆਂ 'ਚੋਂ 558 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ 'ਚੋਂ 480 ਮਾਮਲੇ ਜ਼ਿਲ੍ਹਾ ਲੁਧਿਆਣਾ ਅਤੇ 78 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਤ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ 3175 ਸੈਂਪਲ ਜਾਂਚ ਲਈ ਭੇਜੇ ਹਨ।

ਜ਼ਿਲ੍ਹੇ ਦੇ ਕਿਹੜੇ ਇਲਾਕਿਆਂ ਨਾਲ ਸਬੰਧਤ ਕੋਰੋਨਾ ਕਾਰਨ ਮਰਨ ਵਾਲੇ ਲੋਕ

ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 3 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਸ਼ਿਮਲਾਪੁਰੀ ਦੇ ਰਹਿਣ ਵਾਲੇ 60 ਸਾਲਾ ਵਿਅਕਤੀ ਦੀ ਮੌਤ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ,, ਦੁੱਗਰੀ ਦੇ ਰਹਿਣ ਵਾਲੇ 31 ਸਾਲਾ ਵਿਅਕਤੀ ਦੀ ਮੌਤ ਦਿਆਨੰਦ ਹਸਪਤਾਲ ਤੇ ਬਸਤੀ ਜੋਧੇਵਾਲ ਦੇ ਰਹਿਣ ਵਾਲੇ 73 ਸਾਲਾ ਵਿਅਕਤੀ ਦੀ ਮੌਤ ਮੋਹਨਦੇਈ ਕੈਂਸਰ ਹਸਪਤਾਲ 'ਚ ਹੋਈ ਹੈ।