ਬਸੰਤ ਸਿੰਘ ਰੋੜੀਆਂ, ਲੁਧਿਆਣਾ : ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਸਕੂਲਾਂ ਦੇ ਨਾਲ-ਨਾਲ ਹੁਣ ਕਾਲਜਾਂ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। 2 ਬੱਚੇ ਕਾਲਜਾਂ ਦੇ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਏ ਹਨ। ਮੰਗਲਵਾਰ ਨੂੰ ਕੋਰੋਨਾ ਮਹਾਮਾਰੀ ਦੇ 99 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ 3 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਨੇ ਹੁਣ ਸਕੂਲਾਂ ਦੇ ਨਾਲ-ਨਾਲ ਕਾਲਜਾਂ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕਿਚਲੂ ਨਗਰ 'ਚ ਸਥਿਤ ਲੜਕੀਆਂ ਦੇ ਜੀਐੱਮਟੀ ਕਾਲਜ 'ਚ ਇਕ ਲੜਕੀ ਕੋਰੋਨਾ ਦੀ ਲਪੇਟ 'ਚ ਆਈ ਹੈ। ਆਈਟੀਆਈ ਕਾਲਜ ਸਮਰਾਲਾ ਦਾ ਇਕ ਵਿਦਿਆਰਥੀ ਵੀ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਆਇਆ ਹੈ।

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸਕੂਲਾਂ ਦੇ 3 ਬੱਚੇ ਤੇ 7 ਅਧਿਆਪਕ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਦੀਆਂ ਬਕਾਇਆ ਰਿਪੋਰਟਾਂ ਦੇ ਆਏ ਨਤੀਜਿਆਂ 'ਚੋਂ 99 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋਈ ਹੈ। 81 ਮਾਮਲੇ ਜ਼ਿਲ੍ਹਾ ਲੁਧਿਆਣਾ ਤੇ 18 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਮਿ੍ਤਕਾਂ ਬਾਰੇ ਦੱਸਿਆ ਕਿ 2 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ ਤੇ 1 ਮੌਤ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਤ ਹੈ।

ਡਾ. ਕੱਕੜ ਨੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਮਿ੍ਤਕ ਵਿਅਕਤੀਆਂ ਬਾਰੇ ਦੱਸਿਆ ਕਿ ਇਕ 57 ਸਾਲਾ ਵਿਅਕਤੀ ਦੀ ਮੌਤ ਡੀਐੱਮਸੀ ਹਸਪਤਾਲ 'ਚ ਹੋਈ ਹੈ ਇਹ ਵਿਅਕਤੀ ਧਾਂਦਰਾ ਰੋਡ ਦਾ ਰਹਿਣ ਵਾਲਾ ਸੀ। ਇੱਕ 57 ਸਾਲਾ ਵਿਅਕਤੀ ਦੀ ਮੌਤ ਗਲੋਬਲ ਹਾਰਟ ਹਸਪਤਾਲ ਵਿਚ ਹੋਈ ਹੈ ਇਹ ਵਿਅਕਤੀ ਪਿੰਡ ਬਜੁਰਗ ਦਾ ਰਹਿਣ ਵਾਲਾ ਸੀ।

-ਵੱਖ-ਵੱਖ ਸਕੂਲਾਂ ਦੇ 7 ਅਧਿਆਪਕ ਵੀ ਆਏ ਕੋਰੋਨਾ ਪਾਜ਼ੇਟਿਵ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਮੰਗਲਵਾਰ ਨੂੰ 7 ਅਧਿਆਪਕ ਆਏ ਹਨ। ਇਕ ਅਧਿਆਪਕ ਸਰਕਾਰੀ ਸਕੂਲ ਮਾਡਲ ਟਾਊਨ, 1 ਅਧਿਆਪਕ ਸਰਕਾਰੀ ਸਕੂਲ ਢੰਡਾਰੀ ਖੁਰਦ, 2 ਅਧਿਆਪਕ ਸਰਕਾਰੀ ਸਕੂਲ ਚੌਂਤਾ, 1 ਅਧਿਆਪਕ ਪੰਜਾਬ ਪਬਲਿਕ ਸਕੂਲ ਸਮਰਾਲਾ, 1 ਅਧਿਆਪਕ ਸਰਕਾਰੀ ਹਾਈ ਸਕੂਲ ਕੋਟ ਮੰਗਲ, ਤੇ 1 ਅਧਿਆਪਕ ਜੀਐੱਚਜੀ ਖ਼ਾਲਸਾ ਕਾਲਜ ਸਕੂਲ ਅਹਿਮਦਗੜ੍ਹ ਦਾ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਇਆ ਹੈ। ਇਨ੍ਹਾਂ ਤੋਂ ਇਲਾਵਾ 2 ਪੁਲਿਸ ਮੁਲਾਜ਼ਮ ਤੇ 2 ਹੈਲਥ ਕੇਅਰ ਵਰਕਰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਸਿਹਤ ਵਿਭਾਗ ਦੀ ਲੈਬ ਨੂੰ 1828 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 26 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਹੈ ਤੇ 70 ਕੋਰੋਨਾ ਪੀੜਤ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਹੈ।