ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਸੰਗਠਨ ਵੱਲੋਂ 'ਆਰਟੀਫਿਸ਼ੀਅਲ ਇੰਟੈਲੀਜੈਂਸ ਫਾਰ ਸਮਾਰਟ ਐਗਰੀਕਲਚਰ' ਵਿਸ਼ੇ 'ਤੇ ਕਰਵਾਈ ਜਾ ਰਹੀ 43ਵੀਂ ਵਾਈਸ ਚਾਂਸਲਰ ਕਨਵੈਨਸ਼ਨ ਮੰਗਲਵਾਰ ਨੂੰ ਸਮਾਪਤ ਹੋ ਗਈ।

ਸਮਾਪਤੀ ਸੈਸ਼ਨ ਵਿਚ ਚੇਅਰਮੈਨ ਵਜੋਂ ਸ਼ਿਰਕਤ ਕਰਦਿਆਂ ਡਾ. ਐੱਨਸੀ ਪਟੇਲ, ਵਾਈਸ ਚਾਂਸਲਰ ਆਨੰਦ ਖੇਤੀਬਾੜੀ ਯੂਨੀਵਰਸਿਟੀ ਗੁਜਰਾਤ ਨੇ ਕਿਹਾ ਕਿ ਤਕਨਾਲੋਜੀ ਦੇ ਮੌਜੂਦਾ ਯੁੱਗ ਵਿਚ ਖੇਤੀ ਦਾ ਆਧੁਨਿਕੀਕਰਨ ਕਰਨ ਦੀ ਸਖ਼ਤ ਲੋੜ ਹੈ ਅਤੇ ਇਸ ਵਿਚ ਡੈਟਾ ਸਾਇੰਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਨੌਜਵਾਨ ਵਰਗ ਨੂੰ ਨਵੀਆਂ ਤਕਨੀਕਾਂ ਨਾਲ ਜਾਣੂੰ ਕਰਵਾਉਣ ਦੀ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਅਸੀਂ ਖੇਤੀ ਯੂਨੀਵਰਸਿਟੀਆਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਸਰਟੀਫਿਕੇਟ ਜਾਂ ਡਿਪਲੋਮਾ ਕੋਰਸਾਂ ਵਿਚ ਸ਼ਾਮਲ ਕਰੀਏ। ਡਾ. ਪਟੇਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਸ ਕਨਵੈਨਸ਼ਨ ਨੂੰ ਯੋਜਨਾਵੱਧ ਤਰੀਕੇ ਨਾਲ ਕਰਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਸ਼ਚੈ ਹੀ ਇੱਥੇ ਹੋਈ ਵਿਚਾਰ ਚਰਚਾ ਭਾਰਤ ਦੀਆਂ ਸਾਰੀਆਂ ਖੇਤੀ ਯੂਨੀਵਰਸਿਟੀਆਂ ਨੂੰ ਸਮਾਰਟ ਖੇਤੀ ਦੇ ਰਾਹ ਤੋਰਨ ਲਈ ਲਾਹੇਵੰਦ ਰਹੇਗੀ।

ਇਸ ਮੌਕੇ ਡਾ. ਅਮਰਜੀਤ ਸਿੰਘ ਨੰਦਾ, ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਸੈਸ਼ਨ ਦੇ ਸਹਿ ਚੇਅਰਮੈਨ ਨੇ ਕਿਹਾ ਕਿ ਖੇਤੀਬਾੜੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਸਾਨੂੰ ਨੀਤੀਗਤ ਯੋਜਨਾਬੰਦੀ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਮਿੱਥੇ ਟੀਚਿਆਂ ਦੀ ਪੂਰਤੀ ਕਰ ਸਕੀਏ। ਉਨ੍ਹਾਂ ਕਿਹਾ ਕਿ ਤਕਨੀਕਾਂ ਨੂੰ ਵਾਜਬ ਮੁੱਲ 'ਤੇ ਤਿਆਰ ਕਰਵਾਉਣ ਲਈ ਯੂਨੀਵਰਸਿਟੀਆਂ ਅਤੇ ਉਦਯੋਗਾਂ ਵਿਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਡਾ. ਬਲਦੇਵ ਸਿੰਘ ਿਢੱਲੋਂ, ਵਾਈਸ ਚਾਂਸਲਰ ਪੀਏਯੂ ਨੇ ਕਨਵੈਨਸ਼ਨ ਵਿੱਚ ਸ਼ਿਰਕਤ ਕਰ ਰਹੇ ਵੱਖੋ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਮਾਹਿਰਾਂ ਅਤੇ ਆਈਏਯੂਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੁੱਚੇ ਵਿਚਾਰ-ਵਟਾਂਦਰੇ ਦੀਆਂ ਸਿਫ਼ਾਰਸ਼ਾਂ ਨਿਸ਼ਚੈ ਹੀ ਖੇਤੀ ਨੂੰ ਨਵੇਂ ਦਿਸ਼ਾ-ਨਿਰਦੇਸ਼ ਦੇਣ ਵਿਚ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹਾਸਲ ਹੋਣ ਵਾਲੀਆਂ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਵਿਚ ਉਤਪਾਦਨ ਵਧੇਗਾ ਅਤੇ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋ ਸਕੇਗਾ।

ਇਸ ਪਲੈਨਰੀ ਸੈਸ਼ਨ ਵਿਚ ਦੋ ਦਿਨਾਂ ਦੌਰਾਨ ਹੋਏ ਪੰਜ ਸੈਸ਼ਨਾਂ, ਜਿਨ੍ਹਾਂ ਵਿਚ 15 ਪੇਸ਼ਕਾਰੀਆਂ ਸ਼ਾਮਲ ਸਨ, ਦਾ ਮੁੜ ਮੁਲਾਂਕਣ ਕੀਤਾ ਗਿਆ ਅਤੇ ਇਨਾਂ ਦੇ ਆਧਾਰ 'ਤੇ ਕੁਝ ਮਸ਼ਵਰੇ ਅਤੇ ਲੋੜਾਂ ਦਾ ਲੇਖਾ-ਜੋਖਾ ਤਿਆਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਇਸ ਕਨਵੈਨਸ਼ਨ ਤੋਂ ਨਿਕਲੇ ਸੁਝਾਅ ਅੱਗੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਭੇਜੇ ਜਾਣਗੇ ਤਾਂ ਜੋ ਖੇਤੀ ਸਬੰਧੀ ਨੀਤੀ ਘੜਦਿਆਂ ਇਸ ਖੇਤਰ ਦੀਆਂ ਨਵੀਆਂ ਦਰਪੇਸ਼ ਲੋੜਾਂ ਨੂੰ ਧਿਆਨ ਵਿਚ ਰੱਖਿਆ ਜਾ ਸਕੇ। ਅੰਤ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੇ ਇੰਡੀਅਨ ਐਗਰੀਕਲਚਰਲ ਯੂਨੀਵਰਸਿਟੀਜ਼ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਚਮੁੱਚ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਉਨਾਂ ਨੇ ਖੇਤੀ ਖੇਤਰ ਵਿਚ ਅਜਿਹੇ ਸਮਾਰਟ ਵਿਸ਼ੇ 'ਤੇ ਕਨਵੈਨਸ਼ਨ ਕਰਾਉਣ ਲਈ ਪੀਏਯੂ ਨੂੰ ਚੁਣਿਆ।