ਜੇਐੱਨਐੱਨ, ਲੁਧਿਆਣਾ : ਪੀਟੀਸੀ ਟੀਵੀ ਚੈਨਲ 'ਤੇ ਗੁਰਬਾਣੀ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਸਵੇਰੇ ਲਏ ਜਾਣ ਵਾਲੇ ਹੁਕਨਾਮੇ ਦੇ ਪ੍ਰਸਾਰਣ ਦੇ ਅਧਿਕਾਰ ਦਾ ਮਾਮਲਾ ਭਖ਼ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਗਾਤਾਰ ਪਹੁੰਚ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਤੇ ਐੱਸਜੀਪੀਸੀ ਨੂੰ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਪ੍ਰਸਾਰਤ ਕਰਨ ਵਾਲੇ ਅਧਿਕਾਰੀਆਂ ਨੂੰ ਲਿਖਤੀ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਵਿਖੇ ਪਹੁੰਚਾਉਣ ਦੇ ਹੁਕਮ ਦਿੱਤੇ ਹਨ।

ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਸੰਗਤ ਵੱਲੋਂ ਪੀਟੀਸੀ ਦੇ ਦਾਅਵੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਕੁਝ ਸਿੱਖ ਸੰਗਠਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਰੋਧ ਵੀ ਦਰਜ ਕਰਵਾਇਆ ਸੀ।

ਦਰਅਸਲ, ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਕੁਝ ਯੂ-ਟਿਊਬ ਚੈਨਲਾਂ ਨੇ ਪੀਟੀਸੀ 'ਤੇ ਪ੍ਰਸਾਰਤ ਹੋਣ ਵਾਲੀ ਪਵਿੱਤਰ ਗੁਰਬਾਣੀ ਤੇ ਹੁਕਮਨਾਮੇ ਦਾ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕਰ ਦਿੱਤਾ। ਪੀਟੀਸੀ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਤੇ ਕਿਹਾ ਕਿ ਇਸ ਦੇ ਅਧਿਕਾਰ ਕੇਵਲ ਉਸ ਕੋਲ ਹਨ। ਇਸ 'ਤੇ ਕਾਂਗਰਸ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰੀ 'ਤੇ ਇਕ ਚੈਨਲ ਦਾ ਦਾਅਵਾ ਕਿਵੇਂ ਹੋ ਸਕਦਾ ਹੈ।

ਪੀਟੀਸੀ ਦਾ ਦਾਅਵਾ ਗੁਰੂ ਸਾਹਿਬ ਦੇ ਸੰਦੇਸ਼ ਖ਼ਿਲਾਫ਼ : ਸਿਰਸਾ


ਲੋਕ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੀਟੀਸੀ ਚੈਨਲ ਗੁਰਬਾਣੀ ਤੇ ਹੁਕਮਨਾਮੇ ਸਬੰਧੀ ਅਧਿਕਾਰਾਂ ਨੂੰ ਲੈ ਕੇ ਗ਼ਲਤ ਦਾਅਵਾ ਪੇਸ਼ ਕਰ ਰਿਹਾ ਹੈ। ਕਿਸੇ ਕੋਲ ਗੁਰਬਾਣੀ ਨੂੰ ਵੇਚਣ ਦਾ ਅਧਿਕਾਰੀ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਨੂੰ ਘਰ-ਘਰ ਤੇ ਹਰੇਕ ਵਿਅਕਤੀ ਤਕ ਪਹੁੰਚਾਉਣ ਦਾ ਜੋ ਸੰਦੇਸ਼ ਦਿੱਤਾ ਸੀ, ਪੀਟੀਸੀ ਉਸ ਸੰਦੇਸ਼ ਦੇ ਖ਼ਿਲਾਫ਼ ਦਾਅਵਾ ਪੇਸ਼ ਕਰ ਰਿਹਾ ਹੈ। ਗੁਰਬਾਣੀ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਦੇ ਧਿਆਨ 'ਚ ਸਾਰਾ ਮਾਮਲਾ ਲਿਆਂਦਾ ਗਿਆ ਹੈ। ਜੋ ਸਮਝੌਤਾ ਪੀਟੀਸੀ ਨਾਲ ਹੋਇਆ ਹੈ, ਉਹ ਜਨਤਕ ਹੋਣਾ ਚਾਹੀਦਾ ਹੈ।

2007 'ਚ ਪੀਟੀਸੀ ਨੇ ਈਟੀਸੀ ਤੋਂ ਲਏ ਸਨ ਅਧਿਕਾਰ


ਸਿਰਸਾ ਨੇ ਕਿਹਾ ਕਿ ਸਾਲ 2000 'ਚ ਐੱਸਜੀਪੀਸੀ ਨੇ ਈਟੀਸੀ ਨਾਲ ਸਮਝੌਤਾ ਕੀਤਾ ਸੀ। ਸਾਲ 2007 'ਚ ਪੀਟੀਸੀ ਨੇ ਈਟੀਸੀ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਲੈ ਲਏ, ਜੋ ਕਿ ਨਹੀਂ ਹੋਣਾ ਚਾਹੀਦਾ ਸੀ। ਗੁਰਬਾਣੀ ਦੇ ਪ੍ਰਸਾਰਣ ਲਈ ਈ-ਟੈਂਡਰ ਕੱਢੇ ਜਾਣੇ ਚਾਹੀਦੇ ਸਨ। ਹੁਕਮਨਾਮੇ ਨੂੰ ਪ੍ਰਸਾਰਤ ਕਰਨ ਦਾ ਅਧਿਕਾਰ ਕਿਸੇ ਟੀਵੀ ਕੰਪਨੀ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ।

ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਦਾਅਵਾ ਗੁਰਬਾਣੀ ਦਾ ਨਿਰਾਦਰ : ਬਾਜਵਾ


ਗ੍ਰਾਮੀਣ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ ਗੁਰਬਾਣੀ 'ਤੇ ਮਾਲਕਾਣਾ ਹੱਕ ਦਾ ਦਾਅਵਾ ਕਰਨਾ ਗੁਰਬਾਣੀ ਦਾ ਨਿਰਾਦਰ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਨਿਰਾਦਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਿੱਖ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹੁਕਮਨਾਮੇ ਦਾ ਲਿੰਕ ਸ਼ੇਅਰ ਕਰਨ 'ਤੇ ਕੋਈ ਇਤਰਾਜ਼ ਨਹੀਂ: ਰਬਿੰਦਰ ਨਾਰਾਇਣ

ਪੰਜਾਬੀ ਜਾਗਰਣ ਕੇਂਦਰ, ਨਵੀਂ ਦਿੱਲੀ : ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਐੱਮਡੀ ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਉਨ੍ਹਾਂ ਦੇ ਅਦਾਰੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਜਾਂਦੇ ਹੁਕਮਨਾਮੇ ਦਾ ਲਿੰਕ ਸ਼ੇਅਰ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ। ਇਹ ਕਿਸੇ ਦੀ ਬੌਧਿਕ ਜਾਇਦਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਮਾਮਲਾ ਕਾਪੀਰਾਈਟ ਦਾ ਹੁੰਦਾ ਹੈ ਤਾਂ ਫੇਸਬੁੱਕ ਆਪਣੇ ਤੌਰ 'ਤੇ ਇਹ ਮੈਸੇਜ ਭੇਜ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ 'ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਿਣਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਿਆਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ।

ਨਾਰਾਇਣ ਨੇ ਦਰਬਾਰ ਸਾਹਿਬ ਤੋਂ ਪੀਟੀਸੀ ਨੈੱਟਵਰਕ 'ਤੇ ਗੁਰਬਾਣੀ ਦੇ ਪ੍ਰਸਾਰਣ ਬਾਰੇ ਕਿਹਾ ਕਿ ਐੱਸਜੀਪੀਸੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ, ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਹਾਈਕੋਰਟ ਨੇ ਵੀ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਦਾਰੇ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਤੋਂ ਵੀ ਬਾਣੀ ਦਾ ਪ੍ਰਸਾਰਣ ਮੁਫਤ ਕੀਤਾ ਜਾਂਦਾ ਹੈ।।ਅਦਾਰਾ ਪੀਟੀਸੀ ਸੰਗਤ ਨਾਲ ਇਹ ਵਾਅਦਾ ਕਰਦਾ ਹੈ ਕਿ ਗੁਰੂ ਘਰ ਦੀ ਮਰਿਆਦਾ ਸਭ ਤੋਂ ਉੱਪਰ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਨਿਰੰਤਰ ਜਾਰੀ ਰਹੇਗਾ।

Posted By: Seema Anand