ਸੰਜੀਵ ਗੁਪਤਾ, ਜਗਰਾਓਂ : ਸੀਆਈਏ ਸਟਾਫ ਜਗਰਾਓਂ ਨੇ ਇਲਾਕੇ ਦੇ ਪਿੰਡਾਂ 'ਚ ਪੱਕੇ ਗਾਹਕ ਬਣਾ ਕੇ ਉਨ੍ਹਾਂ ਨੂੰ ਭੁੱਕੀ ਸਪਲਾਈ ਦੇਣ ਵਾਲਾ ਗਿ੍ਫਤਾਰ ਕੀਤਾ। ਇਸ ਮੌਕੇ ਐਕਟਿਵਾ ਸਵਾਰ ਤੋਂ 20 ਕਿਲੋ ਭੁੱਕੀ ਨਾਲ ਭਰੀ ਬੋਰੀ ਬਰਾਮਦ ਕੀਤੀ। ਜਗਰਾਓਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਜਗਰਾਓਂ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਘਮਣੇਵਾਲ ਦਾ ਰਹਿਣ ਵਾਲਾ ਇਕ ਵਿਅਕਤੀ ਭੁੱਕੀ ਲਿਆ ਕੇ ਭੂੰਦੜੀ ਇਲਾਕੇ ਦੇ ਪਿੰਡਾਂ 'ਚ ਸਪਲਾਈ ਕਰਦਾ ਹੈ।

ਉਹ ਅੱਜ ਵੀ ਆਪਣੇ ਗਾਹਕਾਂ ਨੂੰ ਭੁੱਕੀ ਦੀ ਸਪਲਾਈ ਦੇਣ ਆ ਰਿਹਾ ਹੈ, ਜਿਸ 'ਤੇ ਪੁਲਿਸ ਪਾਰਟੀ ਨੇ ਪੁਲ ਨਹਿਰ ਗੋਰਸੀਆਂ ਮਖਣ 'ਤੇ ਨਾਕਾਬੰਦੀ ਕੀਤੀ। ਇਸੇ ਦੌਰਾਨ ਸਾਹਮਣਿਓਂ ਆ ਰਹੇ ਐਕਟਿਵਾ ਸਵਾਰ ਨੂੰ ਰੋਕ ਕੇ ਐਕਟਿਵਾ ਅੱਗੇ ਰੱਖੀ ਬੋਰੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 20 ਕਿੱਲੋ ਭੁੱਕੀ ਬਰਾਮਦ ਹੋਈ, ਜਿਸ 'ਤੇ ਐਕਟਿਵਾ ਸਵਾਰ ਲਖਵੀਰ ਸਿੰਘ ਉਰਫ ਲੱਖਾ ਵਾਸੀ ਘਮਣੇਵਾਲ ਨੂੰ ਗਿ੍ਫ਼ਤਾਰ ਕਰ ਲਿਆ।