ਸਟਾਫ ਰਿਪੋਰਟਰ, ਲੁਧਿਆਣਾ : ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਦੇ ਮਨ 'ਚ ਪੁਲਿਸ ਦਾ ਕੋਈ ਡਰ ਨਹੀਂ ਹੈ। ਥਾਣਾ ਸਾਹਨੇਵਾਲ ਦੀਕਾਂਸਟੇਬਲ ਦਾ ਦੋਸਤ ਖਾਣਾ ਦੇਣ ਆਇਆ ਸੀ ਤੇ ਥਾਣੇ ਦੇ ਬਾਹਰੋਂ ਉਸ ਦੀ ਕਾਰ ਚੋਰੀ ਹੋ ਗਈ। ਹੁਣ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਸਾਧੂ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਪਿੰਡ ਮਾਨਗੜ੍ਹ ਵਾਸੀ ਕੁਲਦੀਪ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਰਾਜ ਕੁਮਾਰ ਥਾਣਾ ਸਾਹਨੇਵਾਲ ਵਿੱਚ ਤਾਇਨਾਤ ਹੈ ਜੋ ਕਿ ਉਸ ਦੇ ਪਿੰਡ 'ਚ ਰਹਿੰਦਾ ਸੀ, ਸ਼ੁੱਕਰਵਾਰ ਦੁਪਹਿਰ ਨੂੰ ਉਹ ਆਪਣੀ ਮਾਰੂਤੀ ਕਾਰ 'ਚ ਖਾਣਾ ਦੇਣ ਆਇਆ। ਉਸ ਨੇ ਆਪਣੀ ਕਾਰ ਥਾਣੇ ਦੇ ਬਾਹਰ ਖੜ੍ਹੀ ਕਰ ਦਿੱਤੀ। ਕੁਝ ਦੇਰ ਬਾਅਦ, ਉਸ ਨੇ ਬਾਹਰ ਆ ਕੇ ਦੇਖਿਆ ਕਿ ਕਾਰ ਚੋਰੀ ਹੋ ਗਈ ਸੀ। ਸਾਧੂ ਸਿੰਘ ਨੇ ਕਿਹਾ ਕਿ ਥਾਣੇ 'ਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਹਨ। ਹੁਣ ਦੋਸ਼ੀ ਦਾ ਸੁਰਾਗ ਲੱਭਣ ਲਈ ਇਲਾਕੇ ਦੇ ਹੋਰ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।