ਪੱਤਰ ਪੇ੍ਰਰਕ, ਪਾਇਲ

ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ 'ਚ ਕਾਂਗਰਸ ਪ੍ਰਤੀ ਗੁੱਸੇ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਇੰਚਾਰਜ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਕਾਂਗਰਸ ਭਾਵੇਂ ਜਿੰਨੇ ਮਰਜ਼ੀ ਚਿਹਰੇ ਕਿਉਂ ਨਾ ਬਦਲ ਲਵੇ, ਪਰ ਆਉਂਦੀਆਂ ਚੋਣਾਂ 'ਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ-ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ-ਅਕਾਲੀ ਦਲ ਦੇ ਡਰਾਮਿਆਂ ਨੂੰ ਤਿਆਗ ਕੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਭ ਤੋਂ ਪਹਿਲਾਂ ਕਾਂਗਰਸ ਵੱਲੋਂ ਲੋਕਾਂ ਨਾਲ ਸਤਾ 'ਚ ਆਉਣ ਤੋਂ ਪਹਿਲਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਉੱਪ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਵੀ ਹਾਜ਼ਰ ਸਨ।