ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਪਿੰਡ ਮੱਲਾ ਵਾਸੀਆਂ ਨੇ ਲੋਕ ਸਭਾ ਚੋਣਾਂ ਲਈ ਕਾਂਗਰਸ ਨੂੰ ਵੋਟਾਂ ਮੰਗਣ ਲਈ ਪਿੰਡ ਨਾ ਵੜਨ ਦੀ ਨਸੀਹਤ ਦਿੱਤੀ। ਉਨ੍ਹਾਂ ਆਪਣਾ ਇਹ ਫੈਸਲਾ ਪਿੰਡ ਮੱਲਾ -ਚਕਰ ਸੜਕ 'ਤੇ ਬੋਰਡਾਂ 'ਤੇ ਲਿਖ ਕੇ ਖੰਭਿਆ 'ਤੇ ਟੰਗ ਦਿੱਤਾ ਹੈ। ਕਾਂਗਰਸ ਦੇ ਬਾਈਕਾਟ ਦਾ ਫੈਸਲਾ ਕਰਨ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੱਲਾ –ਚਕਰ ਸੜਕ ਦੀ ਬਦਤਰ ਹਾਲਤ ਕਾਰਨ ਇਹ ਸੜਕ ਤੋਂ ਲੰਘਣਾ, ਆਪਣੀਆਂ ਗੱਡੀਆਂ ਦਾ ਨੁਕਸਾਨ ਕਰਵਾਉਣਾ ਅਤੇ ਸੜਕੀ ਹਾਦਸਿਆਂ ਨੂੰ ਸੱਦਾ ਦੇਣ ਬਰਾਬਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਦੀ ਪੰਜਾਬ 'ਚ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਇਸ ਸੜਕ ਨੂੰ ਚੌੜਾ ਕਰਕੇ ਟਿੱਪ-ਟੌਪ ਬਣਾਉਣ ਲਈ ਐਲਾਨ ਸੁਣ-ਸੁਣ ਕੇ ਉਨ੍ਹਾਂ ਦੇ ਕੰਨ ਪੱਕ ਚੁੱਕੇ ਹਨ ਪਰ ਸੜਕ ਚੌੜੀ ਹੋਣਾ ਤਾਂ ਦੂਰ, ਅਜੇ ਤਕ ਪੁਰਾਣੀ ਖ਼ਸਤਾ ਹਾਲਤ ਦੀ ਮੁਰੰਮਤ ਤੱਕ ਨਹੀਂ ਹੋਈ। ਪਿੰਡ ਵਾਸੀ ਕਾਂਗਰਸੀ ਆਗੂਆਂ ਨੂੰ ਸੜਕ ਦੀ ਮੁਰੰਮਤ ਲਈ ਦੁਹਾਈ ਦੇ ਦੇ ਅੱਕ ਗਏ ਪਰ ਆਗੂਆਂ ਨੇ ਸਿਵਾਏ ਲਾਅਰਿਆਂ ਤੋਂ ਕੁਝ ਪੱਲੇ ਨਾ ਪਾਇਆ, ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਦੇ ਬਾਈਕਾਟ ਦਾ ਫੈਸਲਾ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਬਾਈਕਾਟ ਦੇ ਖੰਭਿਆਂ 'ਤੇ ਬੋਰਡ ਟੰਗਣ ਦਾ ਮਤਲਬ ਲਾਅਰੇਬਾਜ਼ ਆਗੂਆਂ ਨੂੰ ਪਿੰਡ ਨਾ ਵੜਨ ਦੀ ਚਿਤਾਵਨੀ ਹੈ। ਫਿਰ ਵੀ ਪਿੰਡ ਆਏ ਤਾਂ ਉਨ੍ਹਾਂ ਨੂੰ ਘੇਰ ਕੇ ਵਿਰੋਧ ਕੀਤਾ ਜਾਵੇਗਾ।

Posted By: Jagjit Singh