ਕੁਲਵਿੰਦਰ ਸਿੰਘ ਰਾਏ, ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਸੋਮਵਾਰ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ’ਚ ਬਦਲਾਅ ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਕਾਰਨ ਆਨਲਾਈਨ ਐਂਟਰੀ ਦੇ ਚੱਕਰ ’ਚ ਆੜਤੀ ਤੇ ਕਿਸਾਨ ਬੁਰੀ ਤਰ੍ਹਾਂ ਫਸੇ ਦਿਖਾਈ ਦੇ ਰਹੇ ਹਨ। ਜਿਸ ਕਾਰਨ ਕਣਕ ਦੀ ਵਿਕਰੀ ਦੇ ਬਾਵਜੂਦ ਉਸਦੀ ਜਾਣਕਾਰੀ ਆਨਲਾਈਨ ਚੜ੍ਹਾਉਣ ’ਚ ਆ ਰਹੀ ਮੁਸ਼ਕਲ ਦੇ ਚੱਲਦੇ ਕਣਕ ਦੀ ਖ਼ਰੀਦ ਹੋਰ ਢਿੱਲੀ ਹੋਣ ਦੀ ਸ਼ੰਕਾ ਹੈ। ਇਸ ਨਾਲ ਲਿਫਟਿੰਗ ਤੇ ਪੇਮੈਂਟ ’ਚ ਵੀ ਦੇਰੀ ਹੋ ਸਕਦੀ ਹੈ।

ਪਿੰਡ ਹਰਬੰਸਪੁਰਾ ਦੇ ਕਿਸਾਨ ਸੁਖਬੀਰ ਸਿੰਘ ਸੰਧੂ ਤੇ ਇਕਲਾਹੀ ਦੇ ਕਿਸਾਨ ਕੁਲਦੀਪ ਸਿੰਘ ਨਾਗਰਾ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਨਵਾਂ ਸਿਸਟਮ ਤਾਂ ਬਣਾ ਦਿੱਤਾ ਹੈ ਪਰ ਸਿਖਲਾਈ ਤੇ ਜਾਣਕਾਰੀ ਸਮੇਂ ਸਿਰ ਨਾਲ ਦੇਣ ਕਰਕੇ ਕਾਫ਼ੀ ਰੁਕਾਵਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਕਿਸਾਨ ਕਈ ਦਿਨਾਂ ਬਾਅਦ ਹੀ ਫ਼ਸਲ ਵੇਚ ਕੇ ਮੰਡੀ ਤੋਂ ਵਾਪਸ ਘਰ ਪਰਤ ਸਕੇਗਾ। ਸਭਤੋਂ ਜ਼ਿਆਦਾ ਡਰ ਦੀ ਗੱਲ ਇਹ ਹੈ ਕਿ ਜੇਕਰ ਆਨਲਾਈਨ ਐਂਟਰੀ ਠੀਕ ਨਾ ਹੋਈ ਤਾਂ ਪੇਮੈਂਟ ਜਾਂ ਤਾਂ ਦੇਰੀ ਨਾਲ ਆਵੇਗੀ ਜਾਂ ਫਿਰ ਕਿਸੇ ਹੋਰ ਖਾਤੇ ’ਚ ਵੀ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।

ਰਹੌਣ ਮੰਡੀ ਦੇ ਫੜ ਨਹੀਂ ਚੜਦੇ ਪੋਰਟਲ ’ਤੇ

ਜਾਣਕਾਰੀ ਅਨੁਸਾਰ ਸਰਕਾਰ ਦੇ ਆਨਲਾਈਨ ਪੋਰਟਲ ’ਚ ਪੰਜਾਬ ਦੀਆਂ ਮੰਡੀਆਂ ਦਾ ਨਾਮ ਦਿੱਤਾ ਹੈ। ਉਸ ’ਚ ਐਂਟਰੀ ਕਰਦੇ ਸਮੇਂ ਆੜਤੀ ਨੂੰ ਮੰਡੀ ਦਾ ਨਾਮ ਵੀ ਨਾਲ ਭਰਨਾ ਹੁੰਦਾ ਹੈ ਪਰ ਪੋਰਟਲ ’ਚ ਪਹਿਲਾਂ ਤੋਂ ਭਰੇ ਡਾਟੇ ’ਚ ਖੰਨਾ ਅਨਾਜ ਮੰਡੀ ਦੇ ਰਹੌਣ ਸਥਿਤ ਦੋਵੇਂ ਫੜਾਂ ਦੇ ਨਾਮ ਸ਼ਾਮਿਲ ਹਨ। ਇਸ ਨਾਲ ਉੱਥੇ ਜਾ ਕੇ ਫਸਲ ਵੇਚਣ ਵਾਲੇ ਕਿਸਾਨਾਂ ਤੇ ਆੜਤੀਆਂ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦਾ ਡਾਟਾ ਆਨਲਾਈਨ ਚੜ੍ਹ ਹੀ ਨਹੀਂ ਰਿਹਾ ਹੈ। ਪੋਰਟਲ ਦਾ ਸਰਵਰ ਲਗਾਤਾਰ ਹੌਲੀ ਚੱਲਣ ਦੀ ਸਮੱਸਿਆ ਆ ਰਹੀ ਹੈ। ਇਸ ਨਾਲ ਆੜਤੀ, ਮੁਨੀਮ ਤੇ ਕਿਸਾਨ ਤੋਂ ਇਲਾਵਾ ਏਜੰਸੀਆਂ ਦਾ ਸਟਾਫ ਵੀ ਉਲਝਿਆ ਹੋਇਆ ਹੈ।

44922 ਕੁਇੰਟਲ ਕਣਕ ਦੀ ਖ਼ਰੀਦ

ਅਨਾਜ ਮੰਡੀ ਖੰਨਾ ਤੇ ਉਸਦੀਆਂ ਸਹਾਇਕ ਮੰਡੀਆ ਰੌਣੀ, ਈਸੜੂ, ਦਹਿੜੂ ਤੇ ਰਾਏਪੁਰ ’ਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਪਰ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇੱਕ ਵੀ ਬੋਰੀ ਦੀ ਲਿਫਟਿੰਗ ਨਹੀਂ ਹੋਈ। ਜਿਸ ਨਾਲ ਫ਼ਸਲ ਦੀ ਆਮਦ ਤੇਜ਼ ਹੋਣ ’ਤੇ ਮੰਡੀਆਂ ’ਚ ਜਗ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮੰਡੀਆਂ ’ਚ ਹੁਣ ਤੱਕ 44922 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ। ਸਾਰੀ ਖ਼ਰੀਦੀ ਕਣਕ ਮੰਡੀਆਂ ਦੇ ਫੜਾਂ ’ਚ ਪਈ ਹੈ। ਖੰਨਾ ਮੁੱਖ ਮੰਡੀ ’ਚ 34477 ਕੁਇੰਟਲ ਕਣਕ ਵੱਖ-ਵੱਖ ਏਜੰਸੀਆਂ ਵੱਲੋਂ ਖ਼ਰੀਦੀ ਜਾ ਚੁੱਕੀ ਹੈ। ਰੌਣੀ ਮੰਡੀ ’ਚ 5260 ਕੁਇੰਟਲ, ਈਸੜੂ ਮੰਡੀ ’ਚ 2411 ਕੁਇੰਟਲ, ਰਾਏਪੁਰ ’ਚ 200 ਕੁਇੰਟਲ ਤੇ ਦਹਿੜੂ ’ਚ 2574 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ’ਚ ਬੁੱਧਵਾਰ ਦੀ ਸ਼ਾਮ ਤੱਕ 20 ਹਜ਼ਾਰ 613 ਕੁਇੰਟਲ ਕਣਕ ਖ਼ਰੀਦ ਦੀ ਉਡੀਕ ’ਚ ਪਈ ਹੈ।

ਸਮੱਸਿਆ ਦਾ ਜਲਦੀ ਹੋਵੇਗਾ ਹੱਲ- ਸਕੱਤਰ

ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਹਰਮਿੰਦਰਪਾਲ ਸਿੰਘ ਨੇ ਕਿਹਾ ਕਿ ਰਾਹੋਣ ਮੰਡੀ ’ਚ ਆਨਲਾਈਨ ਐਂਟਰੀ ਦੀ ਸਮੱਸਿਆ ਜ਼ਰੂਰ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਵਿਭਾਗ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ। ਜਲਦੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ। ਕਿਸਾਨਾਂ ਤੇ ਆੜ੍ਹਤੀਆਂ ਨੂੰ ਲੰਮਾ ਸਮਾਂ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Posted By: Susheel Khanna