ਰਾਜਨ ਸੁਦੇੜਾ, ਮੇਹਰਬਾਨ/ਲੁਧਿਆਣਾ

ਭਾਖੜਾ ਡੈਮ ਤੋਂ ਅਚਾਨਕ ਵੱਧ ਮਾਤਰਾ ਵਿੱਚ ਛੱਡੇ ਗਏ ਪਾਣੀ ਨੇ ਜਿੱਥੇ ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿੱਤੀ ਪੈਦਾ ਕਰਦੇ ਹੋਏ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਤੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਲੋਕ ਹੋਰ ਮੰਦਹਾਲੀ ਤੇ ਕੰਗਾਲੀ ਦਾ ਸ਼ਿਕਾਰ ਹੋ ਗਏ ਹਨ, ਉਥੇ ਪੂਰਾ ਸਰਕਾਰੀ ਤੰਤਰ ਵੀ ਦਰਿਆ ਸਤਲੁਜ ਦੇ ਵੱਖ-ਵੱਖ ਹਿਸਿਆਂ ਚ' ਪਏ ਪਾੜਾਂ ਨੂੰ ਪੂਰਾ ਕਰਨ ਲਈ ਕਾਫੀ ਜਦੋਂ ਜਹਿਦ ਕਰ ਰਿਹਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ ਅਤੇ ਨੰਬਰਦਾਰ ਸੁਰਿੰਦਰ ਸਿੰਘ ਹੁੰਦਲ ਨੇ ਮੱਤੇਵਾੜਾ ਦੇ ਗੜ੍ਹੀ ਫਾਜਲ ਵਿਖੇ ਧੁੱਸੀ ਬੰਨ ਨੂੰ ਪਏ ਪਾੜ ਨੂੰ ਮੁਕੰਮਲ ਹੋਣ ਉਪਰੰਤ ਸਿੰਚਾਈ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਸਮੇਂ ਪੰਜਾਬੀ ਜਾਗਰਣ ਨਾਲ ਉਪਰੋਕਤ ਬਿਆਨ ਸਾਂਝੇ ਕਰਦਿਆਂ ਕਿਹਾ ਕਿ ਭਾਖੜਾ ਡੈਮ ਵਿੱਚੋਂ ਅਚਾਨਕ ਪਾਣੀ ਛੱਡ ਕੇ ਪੰਜਾਬ 'ਚ ਆਰਥਿਕ ਤਬਾਹੀ ਮਚਾਉਣ ਪਿੱਛੇ ਕੇਂਦਰ ਸਰਕਾਰ ਦੀ ਸੋਚੀ ਸਮਝੀ ਚਾਲ ਹੈ। ਉਨ੍ਹਾਂ ਕਿਹਾ ਕਿ ਭਾਖੜੇ ਵਿੱਚੋਂ ਸਮਾਂ ਰਹਿੰਦਿਆਂ ਪਾਣੀ ਘੱਟ ਕੀਤਾ ਜਾ ਸਕਦਾ ਸੀ, ਪ੍ਰੰਤੂ ਕੇਂਦਰ ਦੇ ਪੰਜਾਬ ਨੂੰ ਬਰਬਾਦ ਕਰਨ ਦੇ ਮਨਸੂਬਿਆਂ ਦੇ ਚੱਲਦਿਆਂ ਇਹ ਸਭ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਾਖੜਾ ਡੈਮ ਪ੍ਰਬੰਧਿਕ ਕਮੇਟੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿ ਸੂਬੇ ਵਿੱਚ ਪਾਣੀ ਨਾਲ ਹੋਈ ਬਰਬਾਦੀ ਦੇ ਜਖਮ ਭਰਨ ਨੂੰ ਕਈ ਸਾਲ ਲੱਗ ਜਾਣਗੇ ਤੇ ਘਰੋਂ ਬੇਘਰ ਹੋਏ ਲੋਕ ਹੋਰ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ ਮੁਸ਼ਕਿਲ ਨਾਲ ਜੀਵਨ ਬਸਰ ਕਰਨਗੇ। ਉਨ੍ਹਾਂ ਸੂਬਾ ਸਰਕਾਰ ਤੇ ਸਰਕਾਰੀ ਪ੍ਰਸਾਸ਼ਨ ਨੂੰ ਹੜ੍ਹ ਪੀੜਤਾਂ ਦ ਪਹਿਲ ਦੇ ਅਧਾਰ ਤੇ ਮਦਦ ਕਰਨ ਦੀ ਅਪੀਲ ਕਰਦੇ ਹੋਏ ਨੁਕਸਾਨਾਂ ਦੀ ਪੂਰਤੀ ਲਈ ਵੱਧ ਤੋਂ ਵੱਧ ਮੁਆਵਜੇ ਦੀ ਮੰਗ ਕੀਤੀ। ਇਸ ਸਮੇਂ ਉਨ੍ਹਾਂ ਦੇ ਨਾਲ ਵਕੀਲ ਕਮਲਪ੍ਰਰੀਤ ਸਿੰਘ ਤੇ ਹੋਰ ਕਾਂਗਰਸੀ ਮੌਜੂਦ ਸਨ।