ਅਸ਼ਵਨੀ ਪਾਹਵਾ, ਲੁਧਿਆਣਾ : ਬੱਚਾ ਦੁੱਖ ਵਿਚ ਹੋਵੇ ਤਾਂ ਮਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਜੇਕਰ ਬੱਚਾ ਖੁਸ਼ ਹੈ ਤਾਂ ਮਾਂ ਦੇ ਚਿਹਰੇ 'ਤੇ ਵੀ ਮੁਸਕਾਨ ਆ ਜਾਂਦੀ ਹੈ। ਮਾਂ ਉਸ ਨੂੰ ਹਮੇਸ਼ਾ ਦੁੱਖ ਤੇ ਪੀੜਾ ਤੋਂ ਬਚਾਉਂਦੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸਟਾਫ ਨਰਸ ਪੂਜਾ ਜਦੋਂ ਆਈਸੋਲੇਸ਼ਨ ਵਾਰਡ 'ਚ ਡਿਊਟੀ ਦੌਰਾਨ ਕੋਰੋਨਾ ਪਾਜ਼ੇਟਿਵ ਹੋ ਗਈ ਤਾਂ ਉਸ ਨੇ ਆਪਣੇ ਚਾਰ ਸਾਲਾ ਬੇਟੇ ਅੰਗਦ ਨੂੰ ਸੁਰੱਖਿਅਤ ਰੱਖਣ ਲਈ 20 ਦਿਨ ਆਪਣੇ ਤੋਂ ਦੂਰ ਰੱਖਿਆ। ਪੂਜਾ ਕਹਿੰਦੀ ਹੈ ਕਿ 15 ਸਤੰਬਰ ਨੂੰ ਉਸ ਨੂੰ ਬੁਖਾਰ ਹੋਇਆ ਤੇ ਸਰੀਰ ਵਿਚ ਦਰਦ ਰਹਿਣ ਲੱਗਾ। ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਆਈ।

10 ਦਿਨ ਉਹ ਹਸਪਤਾਲ 'ਚ ਦਾਖ਼ਲ ਰਹੀ। ਪਰਿਵਾਰ 'ਚ ਬਜ਼ੁਰਗ ਸੱਸ, ਪਤੀ ਤੇ ਚਾਰ ਸਾਲ ਦਾ ਬੇਟਾ ਅੰਗਦ ਹੈ। ਕੋਵਿਡ ਵਾਰਡ ਵਿਚ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਅਜਿਹੇ ਵਿਚ ਰੋਜ਼ ਵੀਡੀਓ ਕਾਲ ਰਾਹੀਂ ਬੇਟੇ ਨਾਲ ਗੱਲ ਕਰਦੀ ਸੀ। ਦਸ ਦਿਨ ਬਾਅਦ ਜਦੋਂ ਘਰ ਪੁੱਜੀ ਤਾਂ ਬੇਟਾ ਗਲ਼ੇ ਲੱਗਣ ਲਈ ਦੌੜ ਕੇ ਆਇਆ ਪਰ ਮੈਂ ਉਸ ਨੂੰ ਦੂਰ ਹੀ ਰੋਕ ਦਿੱਤਾ। ਮੇਰੀ ਮਮਤਾ ਉਸ ਨੂੰ ਛਾਤੀ ਨਾਲ ਲਾਉਣ ਲਈ ਕਹਿੰਦੀ ਰਹੀ ਪਰ ਬੇਟੇ ਨੂੰ ਕੋਰੋਨਾ ਤੋਂ ਬਚਾਉਣ ਲਈ ਅਜਿਹਾ ਨਹੀਂ ਕਰ ਸਕਦੀ ਸੀ।

ਦਸ ਦਿਨ ਘਰ 'ਚ ਹੀ ਖ਼ੁਦ ਨੂੰ ਕੁਆਰੰਟਾਈਨ ਰੱਖਿਆ। ਪੁੱਤਰ ਨੂੰ ਸ਼ੀਸ਼ੇ ਦੇ ਦਰਵਾਜ਼ੇ 'ਚੋਂ ਦੇਖਦੀ ਸੀ। ਕਈ ਵਾਰ ਉਹ ਇਸ਼ਾਰੇ ਨਾਲ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾਉਂਦਾ। ਮੈਂ ਵੀ ਉਸ ਨੂੰ ਇਸ਼ਾਰਿਆਂ ਵਿਚ ਇਹੀ ਦੱਸਦੀ ਕਿ ਜਲਦ ਹੀ ਉਸ ਨੂੰ ਗਲ਼ੇ ਲਗਾਵਾਂਗੀ। ਇਨ੍ਹਾਂ ਸਾਵਧਾਨੀਆਂ ਨਾਲ ਪਰਿਵਾਰ ਸੁਰੱਖਿਅਤ ਰਿਹਾ।

Posted By: Seema Anand