ਕੁਲਵਿੰਦਰ ਸਿੰਘ ਰਾਏ, ਖੰਨਾ : ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਨਸ਼ਾ ਕੋਈ ਨਹੀਂ ਜਾਣ ਸਕਦਾ, ਇੱਕ ਪਾਸੇ ਤਾਂ ਨਗਰ ਕੌਂਸਲ ਦੇ ਸੈਂਕੜੇ ਕੰਮ ਅਜਿਹੇ ਹਨ, ਜਿੰਨਾਂ੍ਹ ਨੂੰ ਵਰਕ ਆਰਡਰ ਜਾਰੀ ਕੀਤਿਆਂ ਨੂੰ ਕਈ ਕਈ ਮਹੀਨੇ ਬੀਤ ਚੁੱਕੇ ਹਨ ਪਰ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਦਕਿ ਸ਼ਹਿਰ ਅੰਦਰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇੱਕ ਅਜਿਹਾ ਕੰਮ ਕਰਵਾਇਆ ਜਾ ਰਿਹਾ ਹੈ, ਜਿਹੜਾ ਪੀਡਬਲਯੂਡੀ ਦੇ ਅੰਦਰ ਪੈਂਦਾ ਹੈ। ਇਸ ਪਿੱਛੇ ਸ਼ਹਿਰ ਵਾਸੀਆਂ ਨੂੰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਪੀਡਬਲਯੂਡੀ ਦਾ ਕੰਮ ਕਰਨ 'ਚ ਫੁਰਤੀ ਕਿਉਂ ਦਿਖਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਪੀਡਬਲਯੂਡੀ ਸਰਹਿੰਦ ਵੱਲੋਂ ਖੰਨਾ ਤੋਂ ਅਮਲੋਹ ਰੋਡ ਬਣਾਉਣ ਦਾ ਕੰਮ ਕੀਤਾ ਗਿਆ ਸੀ। ਜਿਸ ਸੜਕ ਦਾ ਪੰਜ ਸਾਲ ਲਈ ਸਾਰਾ ਪ੍ਰਬੰਧ ਪੀਡਬਲਯੂਡੀ ਵੱਲੋਂ ਹੀ ਦੇਖਿਆ ਜਾਣਾ ਸੀ। ਸੜਕ ਦੇ ਮੇਨ ਹੋਲ ਦੇ ਢੱਕਣ ਥੱਲੇ ਦਬ ਗਏ ਸਨ। ਸ਼ਰਤਾਂ ਅਨੁਸਾਰ ਜਿਨ੍ਹਾਂ ਦੀ ਮੁਰੰਮਤ ਦਾ ਪੀਡਬਲਯੂਡੀ ਵੱਲੋਂ ਹੀ ਕੀਤਾ ਜਾਣਾ ਬਣਦਾ ਸੀ ਪਰ ਨਗਰ ਕੌਂਸਲ ਵੱਲੋਂ ਐਮਰਜੈਂਸੀ ਹਾਲਤਾਂ 'ਚ ਪੈਸੇ ਖ਼ਰਚਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਢੱਕਣ ਲਾਏ ਜਾ ਰਹੇ ਹਨ। ਆਰਟੀਆਈ ਕਾਰਕੁਨ ਰਮਨਦੀਪ ਸਿੰਘ ਅਹਲੂਵਾਲੀਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਜਾਣ-ਬੁੱਝ ਕੇ ਫੰਡਾਂ ਦੀ ਦੂਰਵਰਤੋਂ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਨਗਰ ਕੌਂਸਲ ਦਾ ਪੈਸਾ ਇਸ ਕੰਮ 'ਤੇ ਕਿਉਂ ਖ਼ਰਚਿਆ ਜਾ ਰਿਹਾ ਹੈ ਜਦਕਿ ਪੰਜ ਸਾਲਾ ਸੜਕ ਦੇ ਕੰਮ ਦੀ ਦੇਖ-ਰੇਖ ਪੀਡਬਲਯੂਡੀ ਵੱਲੋਂ ਕੀਤੀ ਜਾਣੀ ਬਣਦੀ ਸੀ।

===

ਸੀਵਰੇਜ ਜਾਮ ਹੋਣ ਕਾਰਨ ਕੰਮਕਰਵਾਉਣਾ ਪਿਆ- ਈਓ

ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਜਾਮ ਹੋ ਰਿਹਾ ਸੀ। ਜਿਸ ਕਰ ਕੇ ਇਹ ਕੰਮ ਕੀਤਾ ਜਾਣਾ ਜ਼ਰੂਰੀ ਸੀ। ਇਸ ਕਰ ਕੇ ਨਗਰ ਕੌਂਸਲ ਨੇ ਮੇਨ ਹੋਲ ਦੇ ਢੱਕਣ ਉੱਚਾ ਚੁੱਕਣ ਦਾ ਕੰਮ ਕੀਤਾ ਗਿਆ ਹੈ। ਠੇਕੇਦਾਰ ਬਿੱਲੂ ਨੇ ਕਿਹਾ ਕਿ ਢੱਕਣ ਥੱਲੇ ਦੱਬ ਗਏ ਸਨ। ਕਮੇਟੀ ਵੱਲੋਂ ਨੂੰ ਪੰਜ ਢੱਕਣਾ ਦਾ ਐਮਰਜੈਂਸੀ ਕੰਮ ਦਿੱਤਾ ਗਿਆ ਸੀ।

=====

ਸੀਵਰੇਜ ਦੀ ਸਮੱਸਿਆ ਹੈ ਤਾਂ ਨਗਰ ਕੌਂਸਲ ਨੇ ਵੇਖਣੀ ਹੈ : ਪੀਡਬਲਯੂਡੀ ਜੇਈ

ਪੀਡਬਲਯੂਡੀ ਦੇ ਜੇਈ ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜ ਸਾਲ ਲਈ ਸੜਕ ਦੀ ਦੇਖ-ਰੇਖ ਦਾ ਕੰਮ ਦੇਖਿਆ ਜਾਣਾ ਹੈ, ਜੇਕਰ ਕੋਈ ਦਿੱਕਤ ਆਵੇ ਤਾਂ ਉਹ ਕੰਮ ਕਰਵਾਉਣ ਲਈ ਪਾਬੰਦ ਹਨ। ਜੇਕਰ ਸੀਵਰੇਜ ਦੀ ਕੋਈ ਸਮੱਸਿਆ ਹੈ ਤਾਂ ਇਹ ਕੰਮ ਨਗਰ ਕੋਂਸਲ ਜਾਂ ਸੀਵਰੇਜ ਬੋਰਡ ਨੇ ਦੇਖਣਾ ਹੈ।