ਜੇਐੱਨਐੱਨ, ਲੁਧਿਆਣਾ : ਬਹੁਚਰਚਿਤ ਸਿਟੀ ਸੈਂਟਰ ਮਾਮਲੇ 'ਚ ਅਦਾਲਤ ਵੱਲ਼ੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ, ਜਵਾਈ ਰਮਿੰਦਰ ਸਿੰਘ ਤੇ ਹੋਰ 29 ਜਾਣੇ ਇਸ ਮਾਮਲੇ 'ਚ ਮੁਲਜ਼ਮ ਠਹਿਰਾਏ ਗਏ ਸਨ। ਸੁਣਵਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਨੇ ਸਾਡੀਆਂ ਦਲੀਲਾਂ ਨੂੰ ਮੰਨ ਲਿਆ ਹੈ। ਸਾਡੇ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ ਸਨ। ਫ਼ੈਸਲਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਖ਼ਿਲਾਫ਼ ਕ੍ਰਿਮੀਨਲ ਕੇਸ ਦੇ ਸਬੂਤ ਨਹੀਂ ਹਨ। ਇਸ ਲਈ ਕੇਸ 'ਚ ਸਾਰਿਆਂ ਨੂੰ ਬਰੀ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦੁਪਹਿਰ ਕਰੀਬ 2.56 ਵਜੇ ਅਦਾਲਤ ਕੰਪਲੈਕਸ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। ਉਨ੍ਹਾਂ ਦੇ ਆਉਂਦਿਆਂ ਹੀ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਪੁਲਿਸ ਕਮਿਸ਼ਨਰ ਰਾਕੇਸ਼ ਅਗਵਾਲ ਦੀ ਅਗਵਾਈ 'ਚ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਨੂੰ ਕੋਰਟ ਅੰਦਰ ਲਿਜਾਇਆ ਗਿਆ।

ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ, ਜਵਾਈ ਰਮਿੰਦਰ ਸਿੰਘ ਤੇ ਹੋਰ 29 ਜਾਣਿਆਂ ਨੇ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਅੱਗੇ ਦੁਪਹਿਰ ਤਿੰਨ ਵਜੇ ਪੇਸ਼ ਹੋਣਾ ਸੀ।

Posted By: Amita Verma