ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਸਾਥੀ ਸ਼ੇਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਵਿਸ਼ੇਸ਼ ਤੌਰ 'ਤੇ ਪੁੱਜੇ।

ਪੰਜਾਬ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਸੀਟੂ ਪੰਜਾਬ ਨੇ ਜ਼ਰੂਰੀ ਵਸਤਾਂ ਤੇ ਖੁਰਾਕੀ ਪਦਾਰਥਾਂ ਦੇ ਬੇਲਗਾਮ ਵਾਧੇ ਲਈ ਮੁੱਖ ਰੂਪ 'ਚ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਗਰਦਾਨਿਆ। ਸੀਟੂ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਤੇ ਅਮਰਨਾਥ ਕੂੰਮਕਲਾਂ ਨੇ ਦੋਸ਼ ਲਾਇਆ ਕਿ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ ਚੁੱਕੀਆਂ ਹਨ ਤੇ ਮਹਿੰਗਾਈ ਨੇ ਸੂਚਕ ਅੰਕਾਂ ਦੇ ਵਾਧੇ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਸੀਟੂ ਪੰਜਾਬ ਭਰ ਦੇ ਐੱਸਡੀਐੱਮ ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਮਹਿੰਗਾਈ ਵਿਰੁੱਧ 20 ਮਈ ਨੂੰ ਰੋਸ ਭਰਪੂਰ ਵਿਸ਼ਾਲ ਧਰਨੇ ਲਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਨਗੇ ਕਿ ਖੁਰਾਕੀ ਤੇ ਹੋਰਨਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਫੌਰੀ ਠੋਸ ਕਦਮ ਚੁੱਕੇ ਜਾਣ। ਇਸ ਮੌਕੇ ਗੁਰਨਾਮ ਸਿੰਘ ਘਨੌਰ, ਸਿਕੰਦਰ ਬਖ਼ਸ਼ ਮੰਡ ਚੌਂਤਾ, ਡਾਕਟਰ ਪ੍ਰਕਾਸ ਬਰਮੀ, ਅੰਗਰੇਜ ਸਿੰਘ, ਸਤਪਾਲ ਜੋਸ਼ੀਲਾ, ਹਰੀ ਰਾਮ ਭੱਟੀ, ਨਛੱਤਰ ਸਿੰਘ ਗੁਰਦਿੱਤਪੁਰਾ, ਨਿਰਮਲ ਸਿੰਘ ਝਲੂਰ ਆਦਿ ਹਾਜ਼ਰ ਸਨ।