ਪਰਗਟ ਸੇਹ, ਦੋਰਾਹਾ : ਟੈਕਨੀਕਲ ਸਰਵਿਸਜ ਯੂਨੀਅਨ ਸਰਕਲ ਵਰਕਿੰਗ ਕਮੇਟੀ ਵੱਲੋਂ ਪਿਛਲੇ ਸਮੇਂ ਤੋਂ ਕੁਝ ਫਿਰਕੂ ਅਨਸਰਾਂ ਵਲੋਂ ਵਿੱਢੇ ਭੰਡੀ ਪ੍ਰਚਾਰ ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਨਿਖੇਧੀ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੇ ਨਾਲ ਮੋਢਾ ਲਾਕੇ ਹਮਾਇਤ 'ਚ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ।

ਦੋਰਾਹਾ ਸਬ ਡਵੀਜ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਭਾਕਿਯੂ ਏਕਤਾ (ਉਗਰਾਹਾਂ) ਦੋ ਦਹਾਕਿਆਂ ਤੋਂ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਲੜ ਰਹੀ ਹੈ। ਪੰਜਾਬ ਦੇ ਸਾਰੇ ਵੱਡੇ ਲੋਕ ਸੰਘਰਸ਼ਾਂ ਦਾ ਇਤਿਹਾਸ ਇਸ ਜਥੇਬੰਦੀ ਤੋਂ ਬਿਨਾਂ ਅਧੂਰਾ ਹੈ। ਕਿਸਾਨਾਂ ਤੇ ਸਭਨਾਂ ਲੋਕਾਂ ਦੇ ਸੰਘਰਸ਼ਾਂ 'ਚ ਰੜੀ, ਤਪੀ ਤੇ ਪ੍ਰਵਾਨ ਚੜ੍ਹੀ ਇਸ ਜਥੇਬੰਦੀ ਖ਼ਿਲਾਫ਼ ਿਫ਼ਰਕੂ ਤਾਕਤਾਂ ਦੀਆਂ ਪ੍ਰਚਾਰ ਮੁਹਿੰਮਾਂ ਅਸਲ 'ਚ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਜਥੇਬੰਦ ਸ਼ਕਤੀ ਤੋਂ ਵਾਂਝਾ ਕਰ ਦੇਣ ਦੀ ਸਾਜ਼ਿਸ਼ ਹੈ। ਟੈਕਨੀਕਲ ਸਰਵਿਸੇਜ ਯੂਨੀਅਨ ਸਰਕਲ ਵਰਕਿੰਗ ਕਮੇਟੀ ਖੰਨਾ ਦੋਰਾਹਾ ਹਰ ਹਾਲਤ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਐਲਾਨ ਕਰਦੀ ਹੈ। ਇਸ ਮੌਕੇ ਬਲਵੀਰ ਸਿੰਘ, ਬੁੱਧ ਸਿੰਘ, ਪੁਸ਼ਪਿੰਦਰ ਕੁਮਾਰ, ਕਰਤਾਰ ਚੰਦ ਖੰਨਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।