ਐੱਸਪੀ ਜੋਸ਼ੀ, ਲੁਧਿਆਣਾ

ਮਨੁੱਖੀ ਸ਼ੌਂਕ ਤੇ ਲਾਪਰਵਾਹੀ ਕਾਰਨ ਪਸ਼ੂ-ਪੰਛੀਆਂ ਤੇ ਜਾਨਵਰਾਂ ਲਈ ਬੇਹੱਦ ਖ਼ਤਰਨਾਕ ਸਾਬਤ ਹੋਣ ਵਾਲੀ ਚਾਈਨਾ ਡੋਰ ਦੀ ਰੋਕਥਾਮ ਲਈ ਮਹਾਨਗਰ ਦੀ ਪੁਲਿਸ ਵੱਲੋਂ ਕਮਰਕੱਸੇ ਕਰ ਲਏ ਗਏ ਹਨ। ਇਸ ਮੁਹਿੰਮ ਤਹਿਤ ਅਸਮਾਨ 'ਤੇ ਨਜ਼ਰ ਰੱਖਦਿਆਂ ਪੁਲਿਸ ਪਤੰਗਬਾਜ਼ਾਂ ਦੀਆਂ ਛੱਤਾਂ 'ਤੇ ਵੀ ਨਜ਼ਰ ਰੱਖੇਗੀ। ਹਰ ਸਾਲ ਪਲਾਸਟਿਕ ਡੋਰ ਵੇਚਣ ਵਾਲਿਆਂ 'ਤੇ ਪਰਚੇ ਦਰਜ ਕਰਨ ਦੇ ਬਾਵਜੂਦ ਇਸ ਜਾਨਲੇਵਾ ਡੋਰ ਦੀ ਵਧ ਰਹੀ ਵਿਕਰੀ 'ਤੇ ਨੱਥ ਪਾਉਣ ਲਈ ਪੁਲਿਸ ਇਸ ਵਾਰ ਪਲਾਸਟਿਕ ਡੋਰ ਵਰਤਣ ਵਾਲਿਆਂ 'ਤੇ ਵੀ ਬਰਾਬਰ ਕਾਰਵਾਈ ਕਰਨ ਦੀ ਤਿਆਰੀ 'ਚ ਹੈ।

ਏਡੀਸੀਪੀ-1 ਗੁਰਪ੍ਰਰੀਤ ਸਿੰਘ ਸਿਕੰਦ ਮੁਤਾਬਕ ਪਲਾਸਟਿਕ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਪਹਿਲਾਂ ਜਿੱਥੇ ਧਾਰਾ 188 ਤਹਿਤ ਪਰਚਾ ਦਿੱਤਾ ਜਾਂਦਾ ਸੀ, ਉੱਥੇ ਹੁਣ ਨਾਲ ਹੀ ਧਾਰਾ 336 ਆਈਪੀਸੀ ਤੇ 39, 51 ਜੰਗਲੀ ਜੀਵ ਸੁਰੱਖਿਆ ਐਕਟ ਅਤੇ ਵਾਤਾਵਰਨ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਵੀ ਕਾਰਵਾਈ ਕੀਤੀ ਜਾਵੇਗੀ। ਕਾਨੰੂਨ ਹੋਰ ਸਖਤ ਕਰਦਿਆਂ ਜਿੱਥੇ ਮੁਲਜ਼ਮ ਨੂੰ ਵਿੱਤੀ ਜੁਰਮਾਨਾ ਅਦਾ ਕਰਨਾ ਪਵੇਗਾ ਉੱਥੇ ਨਾਲ ਹੀ ਕੈਦ ਦੀ ਸਜਾ ਵੀ ਭੁਗਤਣੀ ਪੈ ਸਕਦੀ ਹੈ। ਪੁਲਿਸ ਵੱਲੋਂ ਜਿੱਥੇ ਪਤੰਗ ਵਪਾਰੀਆਂ ਨੂੰ ਪਲਾਸਟਿਕ ਡੋਰ ਨਾ ਵੇਚਣ ਦੀ ਤਾਕੀਦ ਕੀਤੀ, ਉੱਥੇ ਆਮ ਲੋਕਾਂ ਨੂੰ ਵੀ ਪਲਾਸਟਿਕ ਡੋਰ ਨੂੰ ਤੌਬਾ ਆਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮਹਾਨਗਰ ਤੋਂ 'ਚ ਵੱਖ-ਵੱਖ ਥਾਵਾਂ ਤੇ ਪਲਾਸਟਿਕ ਡੋਰ ਵਰਤਣ ਵਾਲਿਆਂ ਦੀ ਧਰ ਪਕੜ ਲਈ ਸਿਵਲ ਕੱਪੜਿਆਂ 'ਚ ਪੁਲਿਸ ਮੁਲਾਜ਼ਮ ਗਲੀਆਂ ਤੇ ਬਾਜ਼ਾਰਾਂ 'ਚ ਤਿੱਖੀ ਨਜ਼ਰ ਰੱਖਣਗੇ। ਪਲਾਸਟਿਕ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਵੀ ਵੱਡੇ ਪੱਧਰ 'ਤੇ ਪਰਚੇ ਦਰਜ ਕੀਤੇ ਜਾਣਗੇ।

ਇਸ ਮੁਹਿੰਮ ਕਾਰਨ ਥਾਣਾ-3 ਦੀ ਪੁਲਿਸ ਵੱਲੋਂ ਛੇ ਮਾਮਲਿਆਂ 'ਚ 450 ਤੋ ਵੱਧ ਗੱਟੂੁ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਥਾਣਾ-3 ਦੇ ਮੁਖੀ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ 'ਚ ਪੁਲਿਸ ਨੇ ਰੜੀ ਮੁਹੱਲਾ ਵਾਸੀ ਲਲਿਤ ਕੁਮਾਰ, ਰੂਪਾ ਮਿਸਤਰੀ ਗਲੀ ਦੇ ਰਹਿਣ ਵਾਲੇ ਸ਼ੈਲੀ ਪਤੰਗ ਵਾਲਾ, ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਅਮਿਤ ਕੁਮਾਰ ਤੇ ਮਨੀਸ਼ ਕੁਮਾਰ ਖ਼ਿਲਾਫ਼ ਪਰਚੇ ਦਰਜ ਕਰਕੇ ਮੁਲਜ਼ਮ ਗਿ੍ਫ਼ਤਾਰ ਕੀਤੇ ਹਨ।