ਬਸੰਤ ਸਿੰਘ ਰੋੜੀਆਂ, ਲੁਧਿਆਣਾ

ਭਾਰਤ ਸਰਕਾਰ ਵੱਲੋਂ ਬਾਲ ਮਜ਼ਦੂਰੀ 'ਤੇ ਰੋਕ ਲਾਉਣ ਲਈ 1986 'ਚ ਆਰਟੀਕਲ 24 ਦੇ ਅਧੀਨ ਕਾਨੂੰਨ ਬਣਾਇਆ ਗਿਆ ਸੀ। ਇਸ ਕਾਨੂੰਨ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੈਕਟਰੀਆਂ, ਦੁਕਾਨਾਂ ਤੇ ਹੋਰ ਕੰਮ-ਕਾਜ ਕਰਨ ਵਾਲੀ ਥਾਂ 'ਤੇ ਕੰਮ ਕਰਨ ਦੀ ਸਖ਼ਤ ਮਨਾਹੀ ਹੈ। 2016-17 'ਚ ਇਸ ਕਾਨੂੰਨ 'ਚ ਹੋਰ ਸੁਧਾਰ ਲਿਆਂਦਾ ਗਿਆ ਤੇ ਲੇਬਰ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ, ਫੈਕਟਰੀਆਂ ਦੇ ਮਾਲਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਉਪਰਾਲੇ ਕੀਤੇ ਗਏ ਤਾਂ ਕਿ ਬਾਲ ਮਜ਼ਦੂਰੀ 'ਤੇ ਰੋਕ ਲਾਈ ਜਾ ਸਕੇ ਪਰ ਬਹੁਤੇ ਬੱਚੇ ਅਜਿਹੇ ਵੀ ਹਨ ਜੋ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ, ਜਿਨ੍ਹਾਂ ਦੇ ਘਰਾਂ ਦੀ ਆਰਥਿਕ ਤੰਗੀ, ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਜਾਂ ਮਾਤਾ ਪਿਤਾ ਦੇ ਬਿਮਾਰ ਹੋਣ ਕਾਰਨ ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਕੋਈ ਸਹਾਰਾ ਨਹੀਂ ਹੁੰਦਾ। 2011 'ਚ ਭਾਰਤ ਸਰਕਾਰ ਵੱਲੋਂ ਇਕ ਸਰਵੇ ਕਰਵਾਇਆ ਗਿਆ ਸੀ, ਇਸ ਸਰਵੇ ਤਹਿਤ 5 ਤੋਂ 14 ਦੇ 10.13 ਮਿਲੀਅਨ ਬੱਚੇ ਦੇਸ਼ ਦੀਆਂ ਵੱਖ-ਵੱਖ ਫੈਕਟਰੀਆਂ, ਕਾਰਖ਼ਾਨਿਆਂ ਤੇ ਹੋਰ ਥਾਵਾਂ 'ਤੇ ਮਜ਼ਦੂਰੀ ਕਰਦੇ ਪਾਏ ਗਏ ਸਨ। ਭਾਰਤ ਸਰਕਾਰ ਵੱਲੋਂ 2017 'ਚ ਕਾਨੂੰਨ ਲਾਗੂ ਕੀਤਾ ਗਿਆ, ਜਿਸ ਵਿੱਚ-ਵਿੱਚ ਸੁਧਾਰ ਕਰਕੇ 14 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਤਾਂ ਦਿੱਤੀ ਗਈ, ਪਰ ਇਸ ਉਮਰ ਦੇ ਬੱਚੇ ਬੱਚੀਆਂ ਨੂੰ ਉਨ੍ਹਾਂ ਥਾਵਾਂ 'ਤੇ ਕੰਮ ਕਰਨ ਦੀ ਮਨਾਹੀ ਹੈ, ਜਿੱਥੇ ਅੱਗ ਨਾਲ ਸਬੰਧਤ ਕੋਈ ਸਮਾਨ ਬਣਦਾ ਹੋਵੇ, ਪਟਾਕਿਆਂ ਦੀ ਫੈਕਟਰੀ ਜਾਂ ਹੋਰ ਖ਼ਤਰਨਾਕ ਕਾਰਖਾਨੇ ਜਿੱਥੇ ਇਹ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੋਵੇ। ਇਨ੍ਹਾਂ ਬੱਚਿਆਂ 'ਤੇ ਓਵਰਟਾਈਮ ਕਰਨ 'ਤੇ ਵੀ ਕਾਨੂੰਨ 'ਚ ਸਖ਼ਤ ਮਨਾਹੀ ਕੀਤੀ ਗਈ ਹੈ।

-ਬਾਲ ਮਜ਼ਦੂਰ ਫੜੇ ਜਾਣ 'ਤੇ ਕੀ ਹੈ ਸਜ਼ਾ

ਜਦੋਂ ਕਿਸੇ ਫੈਕਟਰੀ ਜਾਂ ਦੁਕਾਨ ਤੋਂ ਕੋਈ ਬਾਲ ਮਜ਼ਦੂਰ ਕੰਮ ਕਰਦੇ ਹੋਣ ਦੀ ਸ਼ਿਕਾਇਤ ਬਾਲ ਵਿਕਾਸ ਵਿਭਾਗ ਅਤੇ ਬਾਲ ਲੇਬਰ ਵਿਭਾਗ ਨੂੰ ਕੀਤੀ ਜਾਂਦੀ ਹੈ ਤਾਂ ਦੋਸ਼ੀ ਪਾਏ ਜਾਣ ਵਾਲੇ ਮਾਲਕ ਨੂੰ 6 ਮਹੀਨਿਆਂ ਤੋਂ 2 ਸਾਲ ਤਕ ਦੀ ਸਖ਼ਤ ਸਜ਼ਾ ਤੋਂ ਇਲਾਵਾ 20 ਤੋਂ 50 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਲੱਗ ਸਕਦਾ ਹੈ। ਜੇਕਰ ਇਕ ਵਾਰੀ ਦੋਸ਼ੀ ਸਾਬਤ ਹੋਣ ਤੋਂ ਬਾਅਦ ਫੇਰ ਉਹ ਫੜਿਆ ਜਾਂਦਾ ਹੈ ਤਾਂ ਉਸ ਫੈਕਟਰੀ ਦੇ ਮਾਲਕ ਦੀ ਮੈਨੇਜਮੈਂਟ ਦੇ ਸਾਰੇ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ ਤੋਂ ਇਲਾਵਾ ਫੈਕਟਰੀ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਲੇਬਰ ਕਾਨੂੰਨ 'ਚ ਮਾਪਿਆਂ ਲਈ ਵੀ ਸਜ਼ਾ ਰੱਖੀ ਗਈ ਹੈ। ਜਿਹੜੇ ਮਾਪੇ ਬੱਚੇ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਕਰਦੇ ਹਨ, ਪਹਿਲਾਂ ਤਾਂ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਹੈ, ਜੇਕਰ ਫਿਰ ਵੀ ਦੋਸ਼ੀ ਪਾਏ ਜਾਂਦੇ ਹਨ ਤਾਂ ਅਜਿਹੇ ਮਾਪਿਆਂ ਨੂੰ 10 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

-ਕੀ ਕਹਿਣਾ ਹੈ 12-13 ਸਾਲਾ ਬਾਲ ਮਜ਼ਦੂਰ ਸਚਿਤ ਕੁਮਾਰ ਦਾ

ਜਦ ਪੰਜਾਬੀ ਜਾਗਰਣ ਵੱਲੋਂ ਬਾਲ ਮਜ਼ਦੂਰੀ ਐਕਟ ਤੇ ਵਿਸ਼ੇਸ਼ ਸਟੋਰੀ ਕਰਨ ਲਈ ਸਰਵੇ ਕੀਤਾ ਗਿਆ ਤਾਂ ਇਕ ਹਲਵਾਈ ਦੀ ਦੁਕਾਨ ਤੇ ਕੰਮ ਕਰਦੇ 12- 13 ਸਾਲਾਂ ਸਚਿਤ ਕੁਮਾਰ ਨਾਲ ਗੱਲ ਕੀਤੀ ਗਈ ਪਹਿਲਾਂ ਤਾਂ ਉਸ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ, ਜਦ ਉਸਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਬੱਚੇ ਨੂੰ ਆਪਣੀ ਸੱਚੀ ਕਹਾਣੀ ਬਿਆਨ ਕਰਨ ਲਈ ਕਿਹਾ। ਸਚਿਤ ਕੁਮਾਰ ਨੇ ਕਿਹਾ ਕਿ ਉਹ ਯੂਪੀ ਦਾ ਰਹਿਣ ਵਾਲਾ ਹੈ, ਉਸਦਾ ਪਿੰਡ ਲਖਨਊ ਦੇ ਨੇੜੇ ਉੂਨਾ ਜ਼ਿਲ੍ਹੇ ਵਿਚ ਜੱਬਲਖੇੜਾ ਹੈ, ਪਰ ਉਹ ਬੀਤੇ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ 2 ਭਰਾ ਹਨ, ਇਕ ਉਸ ਤੋਂ ਛੋਟਾ ਭਰਾ 8 ਸਾਲਾਂ ਦਾ ਹੈ। ਮਾਤਾ ਪਿਤਾ ਦੀ ਬਚਪਨ 'ਚ ਮੌਤ ਹੋ ਜਾਣ ਕਾਰਨ ਉਸਦਾ ਕੋਈ ਸਕਾ ਸਬੰਧੀ ਨਾ ਹੋਣ ਕਾਰਨ ਉਹ ਆਪਣੇ ਛੋਟੇ ਭਰਾ ਦੀ ਪਰਵਰਿਸ਼ ਮਜ਼ਦੂਰੀ ਕਰਕੇ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸ ਦਾ ਵੀ ਦਿਲ ਕਰਦਾ ਹੈ ਪੜ੍ਹ-ਲਿਖ ਕੇ ਵੱਡਾ ਅਫ਼ਸਰ ਬਣਨ ਦਾ, ਪਰ ਉਹ ਲੇਬਰ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਉਸਨੂੰ ਆਪਣੇ ਛੋਟੇ ਭਰਾ ਦਾ ਵੀ ਫਿਕਰ ਹੈ, ਜਦ ਉਸਨੂੰ ਮਾਤਾ-ਪਿਤਾ ਦੀ ਮੌਤ ਬਾਰੇ ਪੁੱਿਛਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਬਹੁਤ ਛੋਟਾ ਸੀ, ਜਦ ਉਸਦੇ ਪਿਤਾ ਦੀ ਕੈਂਸਰ ਦੀ ਬਿਮਾਰੀ ਹੋਣ ਕਾਰਨ ਮੌਤ ਹੋ ਗਈ ਸੀ, ਉਸ ਤੋਂ ਥੋੜ੍ਹੇ ਸਮੇਂ ਬਾਅਦ ਉਸ ਦੀ ਮਾਤਾ ਵੀ ਚੱਲ ਵਸੀ।

-14 ਸਾਲ ਤੋਂ ਘੱਟ ਉਮਰ ਦੇ ਬੱਚੇ ਦੁਕਾਨਾਂ 'ਤੇ ਫੈਕਟਰੀਆਂ 'ਚ ਨਹੀਂ ਕਰ ਸਕਦੇ ਕੰਮ : ਮੈਡਮ ਰਸ਼ਮੀ

ਜਦ ਬਾਲ ਮਜ਼ਦੂਰੀ ਰੋਕਣ ਲਈ ਅਤੇ ਮਜਬੂਰੀਵੱਸ ਮਜ਼ਦੂਰੀ ਕਰਨ ਵਾਲੇ ਬੱਚਿਆਂ ਬਾਰੇ ਜ਼ਿਲ੍ਹਾ ਵਿਕਾਸ ਵਿਭਾਗ ਦੇ ਅਧਿਕਾਰੀ ਮੈਡਮ ਰਸ਼ਮੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਕਰਨ 'ਤੇ ਸਖ਼ਤ ਮਨਾਹੀ ਹੈ, ਉਹ ਕਿਸੇ ਫੈਕਟਰੀ ਜਾਂ ਦੁਕਾਨ 'ਤੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਫੈਕਟਰੀ, ਦੁਕਾਨ ਤੇ ਜਾ ਕਿਸੇ ਹੌਜ਼ਰੀ ਵਿਚ ਬਾਲ ਮਜ਼ਦੂਰੀ ਕਰਵਾਉਣ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ ਸਾਂਝੀ ਕਾਰਵਾਈ ਕਰਕੇ ਬਾਲ ਮਜ਼ਦੂਰਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਰੱਖਿਆ ਜਾਂਦਾ ਹੈ । ਦੋਸ਼ੀ ਪਾਏ ਜਾਣ ਵਾਲੇ ਦੁਕਾਨਦਾਰ ਜਾਂ ਫੈਕਟਰੀ ਮਾਲਕ 'ਤੇ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ।