ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ ’ਚ ਕੋਰੋਨਾ ਇਨਫੈਕਸ਼ਨ ਦਾ ਕਹਿਰ ਘੱਟ ਹੋਇਆ ਹੀ ਸੀ ਕਿ ਪਹਿਲਾਂ ਡੇਂਗੂ ਤੇ ਹੁਣ ਚਿਕਨਗੁਨੀਆ ਨੇ ਵੀ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ਦੇ ਅੰਬੇਡਕਰ ਨਗਰ ਨਿਊ ਮਾਡਲ ਟਾਊਨ ਵਿਚ ਰਹਿਣ ਵਾਲੇ ਇਕ ਵਿਅਕਤੀ ਵਿਚ ਚਿਕਨਗੁਨੀਆ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਮਰੀਜ਼ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਹੈ। ਸਾਲ 2018 ਤੋਂ ਬਾਅਦ ਹੁਣ ਚਿਨਕਗੁਨੀਆ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਚਿਕਨਗੁਨੀਆ ਪਾਜ਼ੇਟਿਵ ਪਾਏ ਗਏ ਮਰੀਜ਼ ਨੂੰ 25 ਜੂਨ ਨੂੰ ਬੁਖ਼ਾਰ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਨੇੜੇ ਦੇ ਇਕ ਕਲੀਨਕ ਤੋਂ ਦਵਾਈ ਲਈ। ਜਦੋਂ ਬੁਖ਼ਾਰ ਠੀਕ ਨਾ ਹੋਇਆ ਤਾਂ ਮਰੀਜ਼ 26 ਜੂਨ ਨੂੰ ਜੀਟੀਬੀ ਹਸਪਤਾਲ ਵਿਚ ਦਾਖ਼ਲ ਹੋ ਗਿਆ। ਉਸ ਤੋਂ ਬਾਅਦ 8 ਜੁਲਾਈ ਨੂੰ ਮਰੀਜ਼ ਦੀ ਜਦੋਂ ਤਬੀਅਤ ਵਿਗੜੀ ਤਾਂ ਉਹ ਇਲਾਜ ਲਈ ਸਿਵਲ ਹਸਪਤਾਲ ਪੁੱਜਾ। ਸਿਵਲ ਹਸਪਤਾਲ ਤੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਜਿੱਥੇ ਉਹ ਦੋ ਦਿਨ ਪਹਿਲਾਂ ਚਿਕਨਗੁਨੀਆ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਹਸਪਤਾਲ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਮਰੀਜ਼ ਦੇ ਘਰ ਤੇ ਉਸ ਦੇ ਆਸਪਾਸ ਦੇ ਦੋਵੇਂ ਪਾਸਿਆਂ ਦੇ 30 ਘਰਾਂ ਵਿਚ ਸਰਵੇ ਕੀਤਾ ਗਿਆ। 60 ਘਰਾਂ ਵਿਚ ਮੱਛਰਾਂ ਦੀ ਬ੍ਰੀਡਿੰਗ ਚੈੱਕ ਕੀਤੀ ਗਈ ਤੇ ਛਿੜਕਾਅ ਕਰਵਾਇਆ ਗਿਆ। ਇਲਾਕੇ ਦੇ ਲੋਕਾਂ ਨੂੰ ਚਿਕਨਗੁਨੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਕਿਰਨ ਨੇ ਕਿਹਾ ਕਿ ਕੋਰੋਨਾ ਦੇ ਨਾਲ-ਨਾਲ ਡੇਂਗੂ ਤੇ ਚਿਕਨਗੁਨੀਆ ਨਾਲ ਨਿਪਟਣਾ ਵਿਭਾਗ ਲਈ ਵੱਡੀ ਚੁਣੌਤੀ ਹੋਵੇਗੀ। ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਐੱਸਐੱਮਓਜ਼ ਦੀ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਕਿ ਆਪਣੇ-ਆਪਣੇ ਇਲਾਕੇ ਵਿਚ ਮੁੱਢਲੇ ਸਿਹਤ ਕੇਂਦਰਾਂ, ਕਮਿਊਨਿਟੀ ਹੈੱਲਥ ਸੈਂਟਰਾਂ ਤੇ ਅਰਬਨ ਪ੍ਰਾਇਮਰੀ ਹੈੱਲਥ ਸੈਂਟਰਾਂ ਤੋਂ ਇਲਾਵਾ ਸਿਵਲ ਹਸਪਤਾਲਾਂ ਵਿਚ ਡੇਂਗੂ, ਚਿਨਕਗੁਨੀਆ ਸਮੇਤ ਬਰਸਾਤੀ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ।

Posted By: Tejinder Thind