ਸੰਜੀਵ ਗੁਪਤਾ, ਜਗਰਾਓਂ

ਰਿਸ਼ਤੇ ਮੌਕੇ ਮੁੰਡੇ ਨੂੰ ਟਰਾਂਸਪੋਰਟਰ ਦੱਸਿਆ ਅਤੇ ਵਿਆਹ ਤੋਂ ਬਾਅਦ ਅਸਲੀਅਤ ਸਾਹਮਣੇ ਆਉਣ 'ਤੇ ਮੁੰਡਾ ਟਰੱਕ ਦਾ ਡਰਾਈਵਰ ਨਿਕਲਿਆ। ਜਿਸ ਦੇ ਚੱਲਦਿਆਂ ਡਰਾਈਵਰ ਪਤੀ ਵੱਲੋਂ ਪਤਨੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ 'ਤੇ ਪੁਲਿਸ ਨੇ ਉਸ ਖਿਲਾਫ ਪਰਚਾ ਦਰਜ ਕਰ ਲਿਆ। ਇਸ ਸਬੰਧੀ ਵਿਆਹੁਤਾ ਜੈਆ ਪੁੱਤਰੀ ਜਵਾਹਰ ਲਾਲ ਵਾਸੀ ਕਤਿਆਲ ਕਲੋਨੀ ਜਗਰਾਓਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ 7 ਮਾਰਚ, 2018 ਨੂੰ ਜਤਿਨ ਮੂੰਗਾ ਪੁੱਤਰ ਰਵੀ ਮੂੰਗਾ ਵਾਸੀ ਬਸਤੀ ਜੋਧੇਵਾਲ ਲੁਧਿਆਣਾ ਨਾਲ ਹੋਇਆ ਸੀ। ਉਸ ਦੇ ਮਾਪਿਆਂ ਨੇ ਜਗਰਾਓਂ ਦੇ 5 ਰਿਵਰ ਹੋਟਲ ਵਿਚ ਵਿਆਹ ਕਰਨ ਦੇ ਨਾਲ ਨਾਲ ਹੈਸੀਅਤ ਮੁਤਾਬਿਕ ਦਹੇਜ ਦਾ ਸਮਾਨ ਦਿੱਤਾ ਸੀ। ਰਿਸ਼ਤੇ ਮੌਕੇ ਪਤੀ ਦੇ ਮਾਪਿਆਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਟਰਾਂਸਪੋਰਟ ਦਾ ਕੰਮ ਹੈ। ਜਿਸ ਨੂੰ ਦੇਖਦਿਆਂ ਉਸ ਦੇ ਮਾਪਿਆਂ ਨੇ ਉਨ੍ਹਾਂ ਦੇ ਸਟੇਟਸ ਮੁਤਾਬਿਕ ਵਿਆਹ 'ਚ ਰਸਮਾਂ ਨੂੰ ਨਿਭਾਇਆ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਪਤੀ ਤਾਂ ਟਰੱਕ 'ਤੇ ਡਰਾਈਵਰੀ ਕਰਦਾ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਉਸ ਨੂੰ ਹੋਰ ਦਾਜ ਦਹੇਜ ਲਿਆਉਣ ਤੰਗ ਪਰੇਸ਼ਾਨ ਕਰਨ ਲੱਗਾ ਅਤੇ ਦਾਜ ਲਿਆਉਣ ਲਈ ਦਬਾਅ ਪਾਉਣ ਲਈ ਉਸ ਦੇ ਦਹੇਜ ਦਾ ਸਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਇਸ ਮਾਮਲੇ ਵਿਚ ਮਹਿਲਾ ਥਾਣਾ ਜਗਰਾਓਂ ਦੀ ਪੁਲਿਸ ਨੇ ਜਤਿਨ ਮੂੰਗਾ ਖਿਲਾਫ ਮੁਕੱਦਮਾ ਦਰਜ ਕਰ ਲਿਆ।