v> ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸਰਕਾਰੀ ਬੈਂਕ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਗਿੱਲ ਰੋਡ ਦੀ ਲੇਬਰ ਕਾਲੋਨੀ ਦੀ ਰਹਿਣ ਵਾਲੀ ਰੂਬੀ ਛਾਬੜਾ ਨਾਲ ਸਾਢੇ ਅੱਠ ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰੂਹੀ ਛਾਬੜਾ ਨੇ ਦੱਸਿਆ ਕਿ ਸਾਲ 2018 ਦੀ ਸ਼ੁਰੂਆਤ 'ਚ ਉਸ ਨੂੰ ਕਾਲਕਾ ਜੀ ਇਨਕਲੇਵ ਹੰਬੜਾਂ ਰੋਡ ਦਾ ਰਹਿਣ ਵਾਲਾ ਲਲਿਤ ਨਈਅਰ ਮਿਲਿਆ, ਜਿਸ ਨੇ ਰੂਹੀ ਨੂੰ ਸਰਕਾਰੀ ਬੈਂਕ 'ਚ ਕਲਰਕ ਦੀ ਨੌਕਰੀ ਲਗਵਾ ਦੇਣ ਦੇ ਸਬਜ਼ਬਾਗ ਦਿਖਾਏ। ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲਲਿਤ ਨੇ ਰੂਹੀ ਕੋਲੋਂ ਸਾਢੇ ਅੱਠ ਲੱਖ ਰੁਪਏ ਲੈ ਲਏ।

ਕਈ ਮਹੀਨੇ ਬੀਤ ਜਾਣ ਬਾਅਦ ਵੀ ਨਾ ਤਾਂ ਲਲਿਤ ਨੇ ਰੂਹੀ ਨੂੰ ਸਰਕਾਰੀ ਨੌਕਰੀ ਦਿਵਾਈ ਤੇ ਨਾ ਹੀ ਰਕਮ ਵਾਪਸ ਮੋੜੀ। ਮਾਰਚ ਮਹੀਨੇ ਰੂਹੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਤਫਤੀਸ਼ ਕਰ ਕੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਲਲਿਤ ਨਈਅਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਤਫਤੀਸ਼ੀ ਅਫਸਰ ਏਐੱਸਆਈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Posted By: Amita Verma