ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਪੰਜਾਬ 'ਚ ਸਭ ਤੋਂ ਪਹਿਲਾਂ ਲੁਧਿਆਣੇ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਆਟੋਮੈਟਿਕ ਈ-ਚਲਾਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਜਿਲ੍ਹੇ 'ਚ ਸੇਫ ਸਿਟੀ ਪ੍ਰੋਜੈਕਟ ਤਹਿਤ ਅੱਠ ਸੌ ਤੋਂ ਵੀ ਵੱਧ ਵੱਖ-ਵੱਖ ਪੁਆਇੰਟਾਂ 'ਤੇ ਲਾਏ ਗਏ ਕੈਮਰਿਆਂ ਨਾਲ ਵਾਹਨ ਚਾਲਕਾਂ 'ਤੇ ਨਜ਼ਰ ਰੱਖੀ ਜਾਵੇਗੀ। ਸ਼ੁੱਕਰਵਾਰ ਨੂੰ ਪੁਲਿਸ ਲਾਈਨ ਵਿਖੇ ਬਣੇ ਟ੍ਰੈਫ਼ਿਕ ਪੁਲਿਸ ਦੇ ਦਫ਼ਤਰ 'ਚ ਬਣਾਏ ਗਏ ਕੰਟਰੋਲ ਰੋਮ 'ਚ ਬੈਠੇ ਆਪਰੇਟਰ ਇਸ ਸਿਸਟਮ ਨੂੰ ਚਲਾਉਣਗੇ ਤੇ ਫਿਲਹਾਲ ਪਹਿਲੇ ਪੜਾਅ 'ਚ ਲਾਲ ਬੱਤੀ ਦੀ ਉਲੰਘਣਾ ਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਚਲਾਨ ਕਰ ਸਪੀਡ ਪੋਸਟ ਤਹਿਤ ਚਾਲਕ ਦੇ ਨਾਮ ਪਤੇ 'ਤੇ ਭੇਜੇ ਜਾਣਗੇ।

ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਤੇ ਡੀਸੀਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਫਿਲਹਾਲ ਜ਼ਿਲ੍ਹੇ ਦੇ ਛੇ ਜਗ੍ਹਾ ਜੋ ਕਿ ਢੋਲੇਵਾਲ ਚੌਕ, ਦੁਰਗਾ ਮਾਤਾ ਮੰਦਿਰ ਚੌਕ, ਛੱਤਰੀ ਚੌਕ ਮਾਲ ਰੋਡ, ਪੁਰਾਣਾ ਸੈਸ਼ਨ ਚੌਕ, ਹੀਰੋ ਬੇਕਰੀ ਚੌਕ, ਮਿੰਨੀ ਸਕੱਤਰੇਤ ਕੱਟ ਤੇ ਲੱਗੇ ਏਐੱਨਪੀਆਰ (ਆਟੋਮੈਟਿਕ ਨੰਬਰ ਪਲੇਟ ਰੀਡਰ) ਦੀ ਸਹਾਇਤਾ ਨਾਲ ਲਾਲ ਬੱਤੀ ਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰ ਉਨ੍ਹਾਂ ਦੇ ਪਤੇ 'ਤੇ ਭੇਜੇ ਜਾਣਗੇ। ਜੋ ਕਿ ਚਾਲਕ ਵੱਲੋਂ ਤੀਹ ਦਿਨਾਂ ਦੇ ਅੰਦਰ ਭੁਗਤਣਾ ਹੋਵੇਗਾ, ਜੇ ਕੋਈ ਵੀ ਵਾਹਨ ਚਾਲਕ ਭੇਜੇ ਗਏ ਚਲਾਨ ਨੂੰ ਤੀਹ ਦਿਨਾਂ ਦੇ ਅੰਦਰ ਨਹੀਂ ਭੇਜਦਾ ਤਾਂ ਉਸ ਦਾ ਚਲਾਨ ਅਦਾਲਤ 'ਚ ਭੇਜਿਆ ਜਾਵੇਗਾ ਜਿੱਥੇ ਕਿ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Posted By: Amita Verma