ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਟਰਾਂਸਪੋਰਟ ਵਿਭਾਗ ਦੇ ਅਧੀਨ ਪੈਂਦੇ ਜ਼ਿਲ੍ਹਾ ਆਰਟੀਏ ਦਫ਼ਤਰ 'ਚ ਬਣੇ ਚਲਾਨ ਕਾਊਂਟਰ 'ਤੇ ਚਲਾਨ ਭੁਗਤਣ ਆਏ ਬਿਨੈਕਾਰਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿਛਲੇ ਹਫ਼ਤੇ ਵੀਰਵਾਰ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਫਟਵੇਅਰ ਵਾਹਨ ਫੋਰ ਦੇ ਚੱਲ ਰਹੇ ਸਿਸਟਮ 'ਚ ਆਈ ਤਕਨੀਕੀ ਖ਼ਰਾਬੀ ਕਾਰਨ ਸਾਈਟ ਬੰਦ ਹੋਣ 'ਤੇ ਚਲਾਨ ਭੁਗਤਣ ਲਈ ਬਿਨੈਕਾਰਾਂ ਨੂੰ ਚਲਾਨ ਕਾਊਂਟਰ ਤੇ ਬੈਠੇ ਮੁਲਾਜ਼ਮਾਂ ਵੱਲੋਂ ਸਿਸਟਮ ਨਹੀਂ ਚੱਲ ਰਿਹਾ ਦਾ ਸੁਣਨ ਤੇ ਠੀਕ ਹੋਣ ਤਕ ਉਡੀਕ ਕਰਨ ਤੇ ਲਗਾਤਾਰ ਤਿੰਨ ਦਿਨ ਤੋਂ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈ ਰਿਹਾ ਹੈ, ਜਦਕਿ ਸ਼ਨਿੱਚਰਵਾਰ, ਐਤਵਾਰ, ਸੋਮਵਾਰ, ਮੰਗਲਵਾਰ ਚਾਰ ਛੁੱਟੀਆਂ ਹੋਣ ਤੋਂ ਬਾਅਦ ਵੀ ਬੁੱਧਵਾਰ ਨੂੰ ਚਲਾਨ ਕਾਊਂਟਰ 'ਤੇ ਪੁੱਜੇ ਬਿਨੈਕਾਰਾਂ ਨੇ ਜਦ ਚਲਾਉਣ ਭੁਗਤਣ ਵਾਸਤੇ ਕਤਾਰ ਵਿੱਚ ਖੜ੍ਹੇ ਹੋਣਾ ਸ਼ੁਰੂ ਕਰ ਦਿੱਤਾ ਤਾਂ ਮੁਲਾਜ਼ਮਾਂ ਵੱਲੋਂ ਫਿਰ ਤੋਂ ਚਲਾਨ ਭੁਗਤਣ ਵਾਸਤੇ ਚੱਲਣ ਵਾਲੀ ਸਾਈਟ ਦਾ ਬੰਦ ਸੁਣਨ ਤੇ ਮੁਲਾਜ਼ਮਾਂ ਨਾਲ ਥੋੜ੍ਹੀ ਬਹਿਸ ਹੋਣ ਦੇ ਬਾਅਦ ਕੁਝ ਬਿਨੈਕਾਰ ਇਸ ਸਬੰਧੀ ਸ਼ਿਕਾਇਤ ਲੈ ਕੇ ਡੀਸੀ ਦਫ਼ਤਰ ਪੁੱਜੇ, ਤਾਂ ਉੱਥੇ ਮੌਜੂਦ ਏਡੀਸੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਏਡੀਸੀ ਨੇ ਬਿਨੈਕਾਰਾਂ ਨੂੰ ਆਰਟੀਏ ਸਕੱਤਰ ਨੂੰ ਮਿਲਣ ਲਈ ਕਿਹਾ। ਜਦ ਬਿਨੈਕਾਰ ਆਰਟੀਏ ਸਕੱਤਰ ਦਮਨਜੀਤ ਮਾਨ ਨੂੰ ਮਿਲੇ, ਤਾਂ ਉਨ੍ਹਾਂ ਚਲਾਨ ਕਾਊਂਟਰ ਦੇ ਇੰਚਾਰਜ ਨੂੰ ਮਿਲ ਕੇ ਮਸਲਾ ਹੱਲ ਕਰਨ ਲਈ ਕਿਹਾ। ਬਿਨੈਕਾਰਾਂ ਨੇ ਚਲਾਨ ਕਾਊਂਟਰ ਦਾ ਕੰਮ ਦੇਖਣ ਵਾਲੀ ਮਹਿਲਾ ਕਲਰਕ ਨੂੰ ਮਿਲੇ, ਤਾਂ ਉਸ ਕੋਲੋਂ ਕੋਈ ਪੁਖਤਾ ਜਵਾਬ ਨਾ ਮਿਲਣ 'ਤੇ ਦਫ਼ਤਰ 'ਚ ਮੌਜੂਦ ਕਲਰਕ ਰੋਹਿਤ ਸੂਦ ਨੇ ਆਏ ਹੋਏ ਬਿਨੈਕਾਰਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਚਲਾਨ ਭੁਗਤਣ ਵਾਲੀ ਸਾਈਟ 'ਚ ਮੁੱਖ ਦਫ਼ਤਰ ਤੋਂ ਹੀ ਆਈ ਕਿਸੇ ਤਕਨੀਕੀ ਖ਼ਰਾਬੀ ਕਾਰਨ ਚਲਾਨ ਭੁਗਤੇ ਨਹੀਂ ਜਾ ਰਹੇ। ਜਿਸ ਤੋਂ ਬਾਅਦ ਬਿਨੈਕਾਰਾਂ ਨੇ ਚਲਾਨ 'ਤੇ ਲੱਗੀਆਂ ਧਾਰਾਵਾਂ ਤਹਿਤ ਜੁਰਮਾਨਾ ਲੈ ਕੇ ਚਲਾਨ ਦੇ ਬਦਲੇ 'ਚ ਰੱਖੇ ਗਏ ਸਬੰਧਿਤ ਦਸਤਾਵੇਜ਼ ਵਾਪਸ ਦੇਣ ਲਈ ਕਿਹਾ ਤਾਂ ਰੋਹਿਤ ਸੂਦ ਨੇ ਕਿਹਾ ਕਿ ਉਹ ਇੰਝ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਹੁਣ ਆਨਲਾਈਨ ਚਲਾਨ ਜੋ ਕਿ ਪਹਿਲਾਂ ਟ੍ਰੈਫਿਕ ਦਫ਼ਤਰ 'ਚ ਫੀਡ ਹੁੰਦੇ ਹਨ। ਕਈ ਵਾਰ ਬਿਨੈਕਾਰਾਂ ਕੋਲ ਚਲਾਨ ਦੀ ਕਾਪੀ ਤੇ ਲੱਗੇ ਹੋਏ ਧਾਰਾਵਾਂ 'ਤੇ ਗੋਲੇ ਘੱਟ ਲੱਗੇ ਹੁੰਦੇ ਹਨ ਜਦਕਿ ਫੀਡਿੰਗ ਦੇ ਸਮੇਂ ਹੋਰ ਵੀ ਧਾਰਾਵਾਂ ਨਿਕਲਣ ਤੇ ਕਈ ਵਾਰ ਬਿਨੈਕਾਰ ਨੂੰ ਜਾਂ ਤਾਂ ਟ੍ਰੈਫਿਕ ਦਫ਼ਤਰ ਤੋਂ ਜਾ ਕੇ ਉਸ ਨੂੰ ਸਹੀ ਕਰਵਾ ਕੇ ਲਿਆਉਣਾ ਪੈਂਦਾ ਹੈ ਜਾਂ ਫਿਰ ਬਿਨੈਕਾਰ ਬਣਦਾ ਜੁਰਮਾਨਾ ਦੇ ਕੇ ਚਲਾਨ ਭੁਗਤ ਲੈਂਦੇ ਹਨ। ਇਸ ਲਈ ਉਨ੍ਹਾਂ ਬਿਨੈਕਾਰਾਂ ਨੂੰ ਸਾਈਟ ਦੇ ਚੱਲਣ ਤਕ ਉਡੀਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੇਰਾ ਮੋਬਾਈਲ ਨੰਬਰ ਲੈ ਜਾਓ ਤੇ ਕੱਲ੍ਹ ਜੇਕਰ ਸਾਈਟ ਚੱਲ ਪੈਂਦੀ ਹੈ ਤਾਂ ਮੈਨੂੰ ਫੋਨ ਕਰ ਕੇ ਪੁੱਛ ਕੇ ਹੀ ਆਰਟੀਏ ਦਫ਼ਤਰ ਆਉਣਾ, ਤਾਂ ਜੋ ਬਿਨੈਕਾਰਾਂ ਦਾ ਸਮਾਂ ਬਰਬਾਦ ਨਾ ਹੋਵੇ।

ਰਾਏਕੋਟ ਦੇ ਰਹਿਣ ਵਾਲੇ ਗੌਰਵ ਨੇ ਦੱਸਿਆ ਕਿ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਉਸ ਦਾ ਓਵਰ ਸਪੀਡ ਦੀ ਧਾਰਾ ਦੇ ਤਹਿਤ ਚਲਾਨ ਹੋ ਗਿਆ ਸੀ, ਜਦਕਿ ਮੋਟਰ ਵ੍ਹੀਕਲ ਐਕਟ ਮੁਤਾਬਕ ਤਿੰਨ ਮਹੀਨੇ ਵਾਸਤੇ ਡਰਾਈਵਿੰਗ ਲਾਇਸੈਂਸ ਰੱਦ ਹੋਣ 'ਤੇ ਸਮਾਂ ਪੂਰਾ ਹੋ ਜਾਣ 'ਤੇ ਚਲਾਨ ਭੁਗਤਣ ਲਈ ਕਰੀਬ ਚਾਰ ਵਾਰ ਚੱਕਰ ਕੱਟ ਚੁੱਕਾ ਹੈ, ਪਰ ਕਾਊਂਟਰ 'ਤੇ ਬੈਠੇ ਮੁਲਾਜ਼ਮ ਇਸ ਗੱਲ ਨੂੰ ਨਹੀਂ ਸਮਝ ਰਹੇ।

ਮੁੰਡੀਆਂ ਕਲਾਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਰੈੱਡ ਲਾਈਟ ਜੰਪ ਦੀ ਧਾਰਾ ਦੇ ਤਹਿਤ ਚਲਾਨ ਹੋ ਗਿਆ ਸੀ, ਜਿਸ ਨੂੰ ਭੁਗਤਣ ਵਾਸਤੇ ਕਈ ਵਾਰ ਆਰਟੀ ਦਫ਼ਤਰ 'ਚ ਬਣੇ ਚਲਾਨ ਕਾਊਂਟਰ ਦੇ ਚੱਕਰ ਲਗਾ ਚੁੱਕਾ ਹੈ, ਪਰ ਅਜੇ ਤਕ ਉਸ ਦਾ ਚਲਾਨ ਨਹੀਂ ਭੁਗਤਿਆ ਗਿਆ। ਪਿਛਲੇ ਹਫ਼ਤੇ ਵੀਰਵਾਰ ਵਾਲੇ ਦਿਨ ਤੋਂ ਚਲਾਨ ਭੁਗਤਣ ਲਈ ਆਰਟੀਏ ਦਫ਼ਤਰ ਆ ਰਿਹਾ ਹੈ, ਜਦਕਿ ਹਰ ਵਾਰ ਮੁਲਾਜ਼ਮਾਂ ਵੱਲੋਂ ਸਾਈਟ ਬੰਦ ਹੋਣ ਦਾ ਸੁਣ ਕੇ ਵਾਪਸ ਪਰਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਕਈ ਵਾਰ ਪੁਲਿਸ ਮੁਲਾਜ਼ਮਾਂ ਵੱਲੋਂ ਰੋਕਣ ਤੇ ਦਸਤਾਵੇਜ਼ ਚਲਾਨ ਦੇ ਬਦਲੇ 'ਚ ਪਏ ਹੋਣ ਦਾ ਕਹਿਣ ਤੇ ਮੁਲਾਜ਼ਮਾਂ ਵੱਲੋਂ ਗੱਲਾਂ ਸੁਣਨੀਆਂ ਪੈਂਦੀਆਂ ਹਨ।