ਜਾ.ਸ, ਲੁਧਿਆਣਾ : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦਾ ਦਾਅਵਾ ਹੈ ਕਿ ਭਗੌੜਾ ਅੰਮ੍ਰਿਤਪਾਲ ਮਾਮਲੇ ’ਚ ਕੇਂਦਰ ਤੇ ਪੰਜਾਬ ਦੀ ਇੰਟੈਲੀਜੈਂਸ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ਦੇ ਮੌਜੂਦਾ ਹਾਲਾਤ ’ਤੇ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਰਾਣਾ ਗੁਰਜੀਤ ਸ਼ੁੱਕਰਵਾਰ ਨੂੰ ਹੋਟਲ ਨਾਗਪਾਲ ਰਿਜੈਂਸੀ ’ਚ ਜ਼ਿਲ੍ਹਾ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਰਾਣਾ ਨੇ ਕਿਹਾ ਕਿ ਦੇਸ਼ ’ਚ ਪਾਕਿ ਸਰਹੱਦ ਦੇ ਪੰਜਾਹ ਕਿਲੋਮੀਟਰ ਦੇ ਘੇਰੇ ’ਚ ਬੀਐੱਸਐੱਫ ਸਮੇਤ ਕੇਂਦਰੀ ਏਜੰਸੀਆਂ ਸਰਗਰਮ ਹਨ। ਇਸ ਤੋਂ ਇਲਾਵਾ ਸੂਬੇ ਦੀ ਪੁਲਿਸ ਦੇ ਨਾਲ ਨਾਲ ਨੀਮ ਫੌਜੀ ਬਲ ਵੀ ਸੱਦੇ ਗਏ ਹਨ। ਤਾਂ ਵੀ ਅੰਮ੍ਰਿਤਪਾਲ ਸਿੰਘ ਗਿ੍ਰਫਤ ਤੋਂ ਬਾਹਰ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਕ ਸਾਬਕਾ ਡੀਜੀਪੀ ਨੇ ਅੰਮ੍ਰਿਤਪਾਲ ਦੇ ਭੱਜਣ ’ਚ ਕਿਸੇ ਪੁਲਿਸ ਅਫਸਰ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ ਤਾਂ ਰਾਣਾ ਗੁਰਜੀਤ ਨੇ ਕਿਹਾ ਕਿ ਅਜਿਹਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਵੱਖਵਾਦੀ ਨਹੀਂ ਹੈ। ਅੰਮ੍ਰਿਤਪਾਲ ਦੀ ਆੜ ’ਚ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਨੇਪਾਲ ਸਰਹੱਦ ’ਤੇ ਪੋਸਟਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਖਰਾਬ ਹੋ ਸਕਦੇ ਹਨ, ਪੂਰਾ ਭਾਈਚਾਰਾ ਨਹੀਂ। ਕਾਂਗਰਸ ਪੰਜਾਬ ’ਚ ਅਮਨ ਚਾਹੁੰਦੀ ਹੈ।

ਰਾਣਾ ਗੁਰਜੀਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਹੁਲ ਗਾਂਧੀ ਨਾਲ ਕੀਤੇ ਗਏ ਅਨਿਆ ਨੂੰ ਲੈ ਕੇ ਦੇਸ਼ ਦੀ ਜਨਤਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕਰਨ ਦੀ ਇਹ ਯੋਜਨਾ ਸੀ ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਡਾਨੀ ਨਾਲ ਸਬੰਧਾਂ ਬਾਰੇ ਅਸਹਿਜ ਸਵਾਲ ਪੁੱਛ ਰਹੇ ਸਨ, ਜੋ ਕਿਸੇ ਹੋਰ ਨੇ ਕਦੀ ਨਹੀਂ ਪੁੱਛੇ। ਪੰਜਾਬ ਦੇ ਸਾਬਕਾ ਮੰਤਰੀ ਨੇ ਰਾਹੁਲ ਗਾਂਧੀ ਨੂੰ ਉੱਚ ਅਦਾਲਤ ’ਚ ਇਨਸਾਫ ਮਿਲਣ ਦਾ ਵਿਸ਼ਵਾਸ ਕਰਦੇ ਹੋਏ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਭਾਜਪਾ ਸਰਕਾਰ ਦੇਸ਼ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ। ਇਸ ਖਿਲਾਫ ਤਿੰਨ ਮਾਰਚ ਨੂੰ ਸ਼ਹਿਰ ’ਚ ਰੋਸ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਸਾਬਕਾ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਮੇਜਰ ਸਿੰਘ ਮੁੱਲਾਂਪੁਰੀ, ਵਿਕਰਮ ਸਿੰਘ ਬਾਜਵਾ, ਈਸ਼ਵਰਜੋਤ ਸਿੰਘ ਚੀਮਾ, ਰਮੇਸ਼ ਜੋਸ਼ੀ, ਸੁਸ਼ੀਲ ਪਰਾਸ਼ਰ, ਕੋਮਲ ਖੰਨਾ, ਵੀਕੇ ਅਰੋੜਾ, ਕੰਵਲਜੀਤ ਸਿੰਘ ਬੌਬੀ ਆਦਿ ਹਾਜ਼ਰ ਸਨ।

Posted By: Sandip Kaur