ਸੁਖਦੇਵ ਸਿੰਘ, ਲੁਧਿਆਣਾ

ਕੁੰਦਨ ਵਿੱਦਿਆ ਮੰਦਰ ਸਕੂਲ, ਸਿਵਲ ਲਾਈਨਜ਼ ਵਿਖੇ ਸਥਾਪਨਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਦੂਜੇ ਦਿਨ ਦੇ ਮੁੱਖ ਮਹਿਮਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਆਰਕੇ ਜੈਨ ਸਨ। ਜਦਕਿ ਸਕੂਲ ਦੇ ਚੇਅਰਮੈਨ ਵੀਕੇ ਗੋਇਲ ਤੇ ਪ੍ਰਬੰਧਕ ਕਪਿਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਆਰਤੀ ਕਰ ਕੇ ਕੀਤੀ ਗਈ। ਪਿ੍ਰੰਸੀਪਲ ਨਵੀਤਾ ਪੁਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।

ਸਮਾਗਮ 'ਚ ਕਰੀਬ ਇਕ ਹਜ਼ਾਰ ਤੋਂ ਵੱਧ ਮੁਕਾਬਲੇਬਾਜ਼ਾਂ ਨੇ ਹਿੱਸਾ ਲੈਂਦਿਆਂ ਸੱਭਿਆਚਾਰਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਸਭਿਆਚਾਰਕ ਨਾਚ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ। 200 ਦੇ ਕਰੀਬ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਰੁੱਪ ਗੀਤ, ਬੇਟੀ ਬਚਾਓ ਤੇ ਜਲ ਬਚਾਓ ਜਿਹੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਪੇਸ਼ ਕੀਤਾ ਨਾਟਕ ਬਹੁਤ ਪਸੰਦ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਨੇ ਸਕੂਲ ਵੱਲੋਂ ਕਰਵਾਏ ਗਏ ਸਮਾਗਮ ਦੀ ਪ੍ਰਸ਼ੰਸਾ ਕੀਤੀ।

ਮੁੱਖ ਮਹਿਮਾਨ ਰਾਕੇਸ਼ ਅਗਰਵਾਲ ਨੇ ਵਿਦਿਆਰਥੀਆਂ ਨੂੰ ਪ੍ਰਰੇਰਣਾ ਦਿੱਤੀ ਕਿ ਉਹ ਦੇਸ਼ ਦੇ ਪ੍ਰਤੀ ਆਪਣੇ ਫ਼ਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਤੇ ਦੇਸ਼ ਦੇ ਵਿਕਾਸ ਤੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ 'ਚ ਵੱਡਮੁੱਲਾ ਯੋਗਦਾਨ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਹਾਜ਼ਰ ਸਭ ਮਾਪਿਆਂ ਨੂੰ ਸ਼ਹਿਰ ਵਿਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਵਿਚ ਸਹਿਯੋਗ ਪਾਉਣ ਦੀ ਅਪੀਲ ਕਰਦੇ ਹੋਏ ਦੁਰਘਟਨਾਵਾਂ ਨੂੰ ਘਟਾਉਣ 'ਚ ਆਪਣਾ ਯੋਗਦਾਨ ਪਾਉਣ ਲਈ ਕਿਹਾ।

ਜਦਕਿ ਜੱਜ ਆਰਕੇ ਜੈਨ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰਰੇਰਿਤ ਕਰਦੇ ਹੋਏ ਜ਼ਿੰਦਗੀ ਦੇ ਹਰ ਰੰਗ ਨੂੰ ਸੂਖਮ ਢੰਗ ਨਾਲ ਸਮਝਣ ਲਈ ਕਿਹਾ। ਅੰਤ 'ਚ ਵਿਦਿਆਰਥੀਆਂ ਵੱਲੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਲੋਕ-ਨਾਚਾਂ ਦੀ ਖ਼ੂਬਸੂਰਤ ਪੇਸ਼ਕਾਰੀ ਕਰ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਖ਼ੂਬਸੂਰਤ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਹੋਈ।