ਐੱਸਪੀ ਜੋਸ਼ੀ, ਲੁਧਿਆਣਾ

ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਟੀਮ ਨੇ ਅੱਧਾ ਕਿੱਲੋ ਹੈਰੋਇਨ ਸਮੇਤ ਕਥਿਤ ਨਸ਼ਾ ਸਮੱਗਲਰ ਨੂੰ ਗਿ੍ਫਤਾਰ ਕੀਤਾ ਹੈ ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਅਰਵਿੰਦ ਸਿੰਘ ਉਰਫ ਸੋਭ ਸਿੰਘ ਵਾਸੀ ਜਲਾਲਪੁਰ ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਨੇ ਸਕੂਟਰੀ 'ਤੇ ਸਵਾਰ ਹੋ ਕੇ ਸ਼ੇਰਪੁਰ ਕਲਾਂ ਤੋਂ ਨਿਊ ਮੋਤੀ ਨਗਰ ਵੱਲ ਹੈਰੋਇਨ ਦੀ ਸਪਲਾਈ ਦੇਣ ਜਾਣਾ ਹੈ। ਇਸ 'ਤੇ ਪੁਲਿਸ ਪਾਰਟੀ ਨੇ 100 ਫੁੱਟਾ ਰੋਡ ਲਾਗੇ ਉਸ ਵੇਲੇ ਅਰਵਿੰਦ ਨੂੰ ਗਿ੍ਫਤਾਰ ਕੀਤਾ ਜਦ ਇਹ ਮੁਲਜ਼ਮ ਸਕੂਟਰੀ 'ਤੇ ਸਵਾਰ ਹੋ ਕੇ ਹੈਰੋਇਨ ਦੇਣ ਆ ਰਿਹਾ ਸੀ। ਐੱਸਟੀਐੱਫ ਦੀ ਟੀਮ ਨੇ ਇਸ ਤੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਦਿੱਲੀ ਰਹਿੰਦੇ ਨਾਈਜੀਰੀਅਨ ਕੋਲੋਂ ਖਰੀਦੀ ਸੀ। ਦੱਸਣਯੋਗ ਹੈ ਕਿ ਕਥਿਤ ਮੁਲਜ਼ਮ 10 ਸਾਲਾਂ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਬਾਹਰ ਆਉਂਦੇ ਹੀ ਉਸ ਨੇ ਹੈਰੋਇਨ ਤਸਕਰੀ ਸ਼ੁਰੂ ਕਰ ਦਿੱਤੀ।