Punjab news ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਟੈਗੋਰ ਨਗਰ ਦੇ ਇਕ ਘਰ ਦੇ ਬਾਹਰੋਂ ਚਿੱਟੇ ਦਿਨ ਬਦਮਾਸ਼ਾਂ ਵੱਲੋਂ ਸਕੂਟਰ ਦੀ ਡਿੱਕੀ ਤੋੜ ਕੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਡੀ ਬਲਾਕ ਟੈਗੋਰ ਨਗਰ ਦੇ ਵਾਸੀ ਕਾਰੋਬਾਰੀ ਰਾਜੇਸ਼ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਜਲਦਬਾਜ਼ੀ 'ਚ ਘਰ ਆਏ। ਸਕੂਟਰ ਘਰ ਦੇ ਬਾਹਰ ਖੜ੍ਹਾ ਕਰ ਕੇ ਉਹ ਜ਼ਰੂਰੀ ਕੰਮ ਲਈ ਅੰਦਰ ਚਲੇ ਗਏ। ਕੁਝ ਸਮੇਂ ਬਾਅਦ ਜਦ ਰਾਜੇਸ਼ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਕੂਟਰ ਦੀ ਡਿੱਕੀ ਟੁੱਟੀ ਹੋਈ ਸੀ ਤੇ ਡਿੱਕੀ 'ਚ ਪਿਆ ਨਕਦੀ ਵਾਲਾ ਬੈਗ ਚੋਰੀ ਹੋ ਚੁੱਕਾ ਸੀ।

ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ। ਕਈ ਦਿਨਾਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਰਾਜੇਸ਼ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰੰਦਿਆਂ ਤਫਤੀਸ਼ੀ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ 'ਤੇ ਇਕ ਸ਼ੱਕੀ ਵਿਅਕਤੀ ਨਜ਼ਰ ਆਇਆ, ਪਰ ਉਸ ਵਿਅਕਤੀ ਨੇ ਸਕੂਟਰ ਦੀ ਡਿੱਕੀ ਨਹੀਂ ਤੋੜੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ। ਕੇਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Posted By: Sarabjeet Kaur