ਸੰਜੀਵ ਗੁਪਤਾ, ਜਗਰਾਓਂ: ਪਤਨੀ ਨੂੰ ਪੜ੍ਹਾਈ ਲਈ ਆਸਟ੍ਰੇਲੀਆ ਭੇਜ ਕੇ ਉਸ ਨੂੰ ਸੈਟਲ ਕਰਨ ਲਈ 38 ਲੱਖ ਰੁਪਏ ਖਰਚਣ ਤੋਂ ਬਾਅਦ ਵੀ ਪਤਨੀ ਨੇ ਪਤੀ ਨੂੰ ਘਰੋਂ ਕੱਢ ਦਿੱਤਾ। ਜਿਸ 'ਤੇ ਜਗਰਾਓਂ ਪੁਲਿਸ ਨੇ ਪਤਨੀ ਸਮੇਤ ਸਹੁਰੇ ਪਰਿਵਾਰ 'ਤੇ ਪਰਚਾ ਦਰਜ ਕਰ ਲਿਆ। ਜਗਰਾਓਂ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਰੰਜਣ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਢੋਲਣ ਨੇ ਦੱਸਿਆ ਕਿ ਉਸ ਦੇ ਲੜਕੇ ਨਵਦੀਪ ਸਿੰਘ ਦਾ ਵਿਆਹ ਹਰਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਅਕਾਲਗੜ੍ਹ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਖਰਚੇ 'ਤੇ ਹਰਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜਿਆ। ਬਾਅਦ ਵਿਚ ਉਸ ਨੇ ਨਵਦੀਪ ਨੂੰ ਵੀ ਆਸਟ੍ਰੇਲੀਆ ਸੱਦ ਲਿਆ, ਜਿੱਥੇ ਨਵਦੀਪ ਨੇ ਆਸਟ੍ਰੇਲੀਆ ਵਿਖੇ ਘਰ, ਕਾਰ ਅਤੇ ਘਰੇਲੂ ਸਮਾਨ ਖਰੀਦ ਕੀਤਾ। ਇਸ ਤੋਂ ਬਾਅਦ ਹਰਵਿੰਦਰ ਕੌਰ ਆਪਣੇ ਪਤੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਈ ਅਤੇ ਉਸ ਨੇ ਇਸ ਦੌਰਾਨ ਆਪਣੀ ਮਾਤਾ ਅਤੇ ਭਰਾ ਨੂੰ ਵੀ ਆਸਟ੍ਰੇਲੀਆ ਬੁਲਾ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਨਵਦੀਪ ਨੂੰ ਘਰੋਂ ਕੱਢ ਦਿੱਤਾ। ਇਸ ਮਾਮਲੇ ਦੀ ਡੀਐੱਸਪੀ ਦਾਖਾ ਵੱਲੋਂ ਜਾਂਚ ਉਪਰੰਤ ਥਾਣਾ ਸਦਰ ਜਗਰਾਓਂ ਦੀ ਪੁਲਿਸ ਨੇ ਨਵਦੀਪ ਦੀ ਪਤਨੀ ਹਰਵਿੰਦਰ ਕੌਰ, ਉਸ ਦੇ ਸਹੁਰੇ ਰਣਜੀਤ ਸਿੰਘ, ਸੱਸ ਭੁਪਿੰਦਰ ਕੌਰ ਅਤੇ ਸਾਲੇ ਮਨਦੀਪ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ।

Posted By: Jagjit Singh