ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਪੁਲਿਸ ਨੇ ਸ਼ਿਵ ਸੈਨਾ ਆਗੂਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਖੰਨਾ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ਨੂੰ ਦੋ ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ ਕੀਤਾ ਗਿਆ ਸੀ। ਹੁਣ ਪੁਲਿਸ ਵੱਲੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਮੋਰੀਆਂ ਨੂੰ ਗਲ਼ੀ ’ਚ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਮੋਰੀਆਂ ਦੇ ਨਾਲ ਇੱਕ ਹੋਰ ਵਿਅਕਤੀ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਕਰੀਬ 9 ਮਹੀਨੇ ਪਹਿਲਾਂ ਕੀਤੀ ਗਈ ਸੀ ਤੇ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਸਿਟੀ-2 ਦੇ ਮੁਖੀ ਅਕਾਸ਼ ਦੱਤ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਵਾਰਡ ਨੰਬਰ 14 ਦੇ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਨੂੰ 29-06-2020 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰੂ ਨਾਨਕ ਨਗਰ ਵਾਰਡ ਨੰਬਰ 14 ਖੰਨਾ ’ਚ ਰਾਧਾ ਕ੍ਰਿਸ਼ਨ ਮੰਦਿਰ ਦੇ ਨਜ਼ਦੀਕ ਕਲੋਨੀ ਮਾਲਕਾਂ ਵੱਲੋਂ 20 ਫੁੱਟ ਗ਼ਲੀ ਛੱਡੀ ਗਈ ਸੀ। ਅਵਤਾਰ ਮੋਰੀਆ ਤੇ ਕਰਮਜੀਤ ਸਿੰਘ ਨੇ 20 ਫੁੱਟ ਗ਼ਲੀ ’ਤੇ ਚਾਰਦੀਵਾਰੀ ਕਰਕੇ ਨਜਾਇਜ਼ ਕਬਜ਼ਾ ਕਰ ਲਿਆ ਹੈ। ਇਸ ਦੀ ਪੜਤਾਲ ਡੀਐੱਸਪੀ (ਡੀ) ਤੇ ਗਠਿਤ ਸਕਰੀਨਿੰਗ ਕਮੇਟੀ ਵੱਲੋਂ ਕੀਤੀ। ਜਾਂਚ ਤੋਂ ਬਾਅਦ ਸ਼ਿਵ ਸੈਨਾ ਆਗੂ ਅਵਤਾਰ ਮੋਰੀਆਂ ਤੇ ਕਰਮਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Posted By: Susheel Khanna