ਜੇਐੱਨਐੱਨ, ਲੁਧਿਆਣਾ/ਗੁਰਦਾਸਪੁਰ : ਪੰਜਾਬ 'ਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਪੁਲਿਸ ਨੇ ਲੁਧਿਆਣਾ ਦੇ ਪੇਂਟ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਅੰਮ੍ਰਿਤਸਰ 'ਚ ਪੁੱਛਗਿੱਛ ਹੋ ਰਹੀ ਹੈ। ਪੁਲਿਸ ਦੀ ਟੀਮ ਬੀਤੀ ਦੇਰ ਸ਼ਾਮ ਉਸ ਨੂੰ ਆਪਣੇ ਨਾਲ ਲੈ ਗਈ ਸੀ। ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਕਰ ਦਿੱਤੀ ਹੈ।

ਪੁਲਿਸ ਕਮਿਸ਼ਨਰ ਅਨੁਸਾਰ ਅੰਮ੍ਰਿਤਸਰ ਰੂਰਲ ਦੀ ਪੁਲਿਸ ਕੱਲ੍ਹ ਬਾਅਦ ਦੁਪਹਿਰ ਲੁਧਿਆਣਾ ਪਹੁੰਚੀ ਸੀ ਤੇ ਇੱਥੋਂ ਦੀ ਪੁਲਿਸ ਦੇ ਨਾਲ ਇਕ ਪੇਂਟ ਕਾਰੋਬਾਰੀ ਦੀ ਦੁਕਾਨ ਤੇ ਘਰਾਂ 'ਚ ਛਾਪੇਮਾਰੀ ਕੀਤੀ ਸੀ। ਪੁਲਿਸ ਨੇ ਰਾਜੇਸ਼ ਜੋਸ਼ੀ ਨਾਂ ਦੇ ਪੇਂਟ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਅਸਲ ਵਿਚ ਅੰਮ੍ਰਿਤਸਰ ਰੂਰਲ ਪੁਲਿਸ ਨੇ ਨਕਲੀ ਸ਼ਰਾਬ ਬਣਾਉਣ ਦੇ ਮਾਮਲੇ 'ਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ ਜਿਨ੍ਹਾਂ ਵੱਲੋਂ ਉਕਤ ਕਾਰੋਬਾਰੀ ਤੋਂ ਸ਼ਰਾਬ 'ਚ ਇਸਤੇਮਾਲ ਹੋਣ ਵਾਲਾ ਅਲਕੋਹਲ ਖਰੀਦਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਕੱਥੂਨੰਗਲ ਦੇ ਤਸਕਰ ਹੈੱਪੀ ਨੇ ਬਟਾਲਾ ਪਹੁੰਚਾਏ ਸਨ ਐਲਕੋਹਲ ਦੇ ਕੈਨ

ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ਪਹੁੰਚਾਈ ਗਈ ਜ਼ਹਿਰੀਲੀ ਸ਼ਰਾਬ ਦੇ ਤਾਰ ਤਰਨਤਾਰਨ ਨਾਲ ਵੀ ਜੁੜੇ ਮਿਲੇ ਹਨ। ਬਟਾਲਾ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਦੇ ਮੁਲਜ਼ਮ ਸ਼ਰਾਬ ਤਸਕਰ ਹਰਪ੍ਰੀਤ ਸਿੰਘ ਉਰਫ ਹੈੱਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਤਰਨਤਾਰਨ ਦੇ ਸ਼ਰਾਬ ਤਸਕਰ ਗੋਬਿੰਦਾ ਲਈ ਕੰਮ ਕਰਦਾ ਸੀ। ਇਨ੍ਹਾਂ ਲੋਕਾਂ ਨੇ ਸ਼ਰਾਬ ਤਸਕਰੀ ਲਈ ਖੇਤਰਾਂ ਨੂੰ ਜ਼ੋਨ 'ਚ ਵੰਡ ਰੱਖਿਆ ਸੀ ਤੇ ਹੈੱਪੀ ਬਟਾਲਾ ਜ਼ੋਨ ਦਾ ਕੰਮ ਦੇਖਦਾ ਸੀ।

ਮੁਲਜ਼ਮਾਂ ਦਾ ਨੈੱਟਵਰਕ ਫਿਰੋਜ਼ਪੁਰ ਤੋਂ ਲੈ ਕੇ ਗੁਰਦਾਸਪੁਰ ਤਕ

ਗੋਬਿੰਦਾ ਨੁੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂਕਿ ਹੈੱਪੀ 'ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਇਕ ਦਰਜਨ ਕੇਸ ਦਰਜ ਹਨ। ਜ਼ਹਿਰੀਲੀ ਸ਼ਰਾਬ ਦੇ ਮੌਤ ਮਾਮਲੇ 'ਚ 31 ਜੁਲਾਈ ਨੂੰ ਦਰਜ ਐੱਫਆਈਆਰ 'ਚ ਹੈੱਪੀ ਤੇ ਉਸ ਦੇ ਸਾਥੀ ਬਾਦਲ ਕੁਮਾਰ ਦਾ ਨਾਂ ਵੀ ਸ਼ਾਮਲ ਕਰ ਲਿਆ ਗਿਆ ਹੈ। ਦੋਵਾਂ ਦਾ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦਾ ਨੈੱਟਵਰਕ ਫਿਰੋਜ਼ਪੁਰ ਤੋਂ ਲੈ ਕੇ ਗੁਰਦਾਸਪੁਰ ਤਕ ਫੈਲਿਆ ਹੈ।

Posted By: Seema Anand