ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੈਨੇਡਾ ਭੇਜਣ ਦੇ ਸਬਜ਼ਬਾਗ ਦਿਖਾ ਕੇ ਦੋ ਫਰਜ਼ੀ ਟ੫ੈਵਲ ਏਜੰਟਾਂ ਨੇ ਲੁਧਿਆਣਾ ਦੇ ਇੱਕ ਨੌਜਵਾਨ ਨਾਲ 6 ਲੱਖ ਰੁਪਏ ਦੀ ਠੱਗੀ ਕੀਤੀ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਭਾਈ ਬਾਲਾ ਜੀ ਨਗਰ ਦੇ ਵਾਸੀ ਸੁਖਜਿੰਦਰ ਸਿੰਘ ਦੇ ਬਿਆਨਾਂ 'ਤੇ ਆਨੰਦਪੁਰ ਕਾਲੋਨੀ ਦੇ ਵਾਸੀ ਅਰਜਨ ਚੌਹਾਨ ਤੇ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਸਾਹਿਲ ਦੇ ਖਿਲਾਫ ਧੋਖਾਧੜੀ, ਇਮੀਗ੫ੇਸ਼ਨ ਐਕਟ ਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਭਾਈ ਬਾਲਾ ਜੀ ਨਗਰ ਦੇ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਰਜੁਨ ਚੌਹਾਨ ਅਤੇ ਸਾਹਿਲ ਉਸ ਦੇ ਕਾਫੀ ਸਮੇਂ ਤੋਂ ਜਾਣੂ ਹਨ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਉਸ ਨੂੰ ਸਤੰਬਰ 2016 ਤੋਂ ਪਹਿਲੋਂ ਮਿਲੇ। ਮੁਲਜ਼ਮਾਂ ਨੇ ਉਸ ਨੂੰ ਇਹ ਯਕੀਨ ਦਿਵਾਇਆ ਕਿ ਕੈਨੇਡਾ ਵਿੱਚ ਉਨ੍ਹਾਂ ਦੀ ਬਹੁਤ ਸੈਟਿੰਗ ਹੈ ਤੇ ਉਹ ਬੜੀ ਹੀ ਆਸਾਨੀ ਨਾਲ ਉਸ ਨੂੰ ਕੈਨੇਡਾ ਭੇਜ ਦੇਣਗੇ। ਕੈਨੇਡਾ ਦਾ ਵੀਜ਼ਾ ਲਵਾਉਣ ਦੀ ਗੱਲ ਆਖ ਕੇ ਦੋਵਾਂ ਮੁਲਜ਼ਮਾਂ ਨੇ ਸੁਖਜਿੰਦਰ ਸਿੰਘ ਕੋਲੋਂ ਪੂਰੇ 6 ਲੱਖ ਰੁਪਏ ਲੈ ਲਏ। ਲੰਮੇ ਸਮੇਂ ਤੱਕ ਉਨ੍ਹਾਂ ਨੇ ਨਾ ਤਾਂ ਸੁਖਜਿੰਦਰ ਸਿੰਘ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਸ ਦੇ ਛੇ ਲੱਖ ਰੁਪਏ ਵਾਪਸ ਕੀਤੇ। ਸੁਖਜਿੰਦਰ ਨੇ ਉਨ੍ਹਾਂ ਕੋਲੋਂ ਕਈ ਵਾਰ ਆਪਣੀ ਰਕਮ ਵਾਪਸ ਮੰਗੀ ਪਰ ਦੋਵੇਂ ਮੁਲਜ਼ਮ ਉਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਦੇ ਰਹੇ। ਇਸ ਸਬੰਧੀ ਸੁਖਜਿੰਦਰ ਨੇ ਕੁੱਝ ਸਮਾਂ ਪਹਿਲਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਲੰਮੀ ਚੱਲੀ ਤਫਤੀਸ਼ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੁਖਜਿੰਦਰ ਸਿੰਘ ਦੇ ਬਿਆਨਾਂ 'ਤੇ ਅਰਜੁਨ ਚੌਹਾਨ ਤੇ ਸਾਹਿਲ ਖਿਲਾਫ ਮਾਮਲਾ ਦਰਜ ਕਰ ਕੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੇ ਏਐੱਸਆਈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਟਿਕਾਣੇ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।