ਮਨੀਸ਼ ਸਚਦੇਵਾ, ਬਲਜੀਤ ਸਿੰਘ ਬਘੌਰ, ਸਮਰਾਲਾ

ਤਾਲਾਬੰਦੀ ਦੌਰਾਨ ਸਰਕਾਰ ਵਲੋਂ ਰਜਿਸਟਰਡ ਲਾਭਪਾਤਰੀਆਂ ਦੇ ਖਾਤਿਆਂ 'ਚ 6000-6000 ਰੁਪਏ ਪਾਉਣ ਨਾਲ ਇਹ ਕਾਰਡ ਬਣਾਉਣ ਤੋਂ ਰਹਿ ਗਏ ਲੋਕਾਂ ਵਿਚ ਵੀ ਹੋੜ ਲੱਗ ਗਈ। ਬੇਸ਼ੱਕ ਇਹ ਕਾਰਡ ਸਰਕਾਰ ਵਲੋਂ ਮਜਦੂਰਾਂ, ਮਿਸਤਰੀਆਂ ਜਾਂ ਨਰੇਗਾ ਵਰਕਰਾਂ ਦਾ ਬਣਾਉਣ ਦੇ ਆਦੇਸ਼ ਹਨ ਪਰ ਇਸ ਕਾਰਡ ਨੂੰ ਬਣਾਉਣ ਲਈ ਹਰ ਕੋਈ ਆਪਣੇ ਆਪ ਨੂੰ ਮਜ਼ਦੂਰ ਅਖਵਾਉਣ ਲੱਗ ਪਿਆ ਹੈ। ਕਾਰਡ ਬਣਾਉਣ ਲਈ ਜ਼ਿਆਦਾਤਰ ਲੋਕ ਮਜਦੂਰਾਂ ਤੋਂ ਬਿਨ੍ਹਾਂ ਦੂਜੇ ਕੰਮਾਂ ਵਾਲੇ ਪਹੁੰਚ ਰਹੇ ਹਨ। ਰਜਿਸਟਰਡ ਲਾਭਪਾਤਰੀਆਂ ਦੇ ਖਾਤਿਆਂ 'ਚ ਪੈਸੇ ਦੀ ਅਦਾਇਗੀ ਆਉਣ ਕਾਰਨ ਦੂਜੇ ਸੂਬਿਆਂ ਤੋਂ ਕਿਰਾਏ ਦੇ ਮਕਾਨਾਂ 'ਚ ਰਹਿ ਰਹੇ ਮਜਦੂਰ ਵੀ ਇਹ ਕਾਰਡ ਬਣਾਉਣ ਲਈ ਸੈਂਟਰਾਂ 'ਚ ਪਹੁੰਚ ਰਹੇ ਹਨ।

ਇਹ ਕਾਰਡ ਕਾਮਨ ਸਰਵਿਸ ਸੈਂਟਰਾਂ ਤੇ ਸੇਵਾ ਕੇਂਦਰਾਂ 'ਚ ਜਮਾਂ ਹੁੰਦੇ ਹਨ, ਪਰ ਸਾਰੇ ਸੈਂਟਰਾਂ 'ਚ ਜ਼ਿਆਦਾਤਰ ਇਹ ਕਾਰਡ ਬਣਾਉਣ ਵਾਲੇ ਲੋਕ ਦਿਖਾਈ ਦੇ ਰਹੇ ਹਨ। ਕਚਹਿਰੀਆਂ ਦਾ ਕੰਮ ਬੰਦ ਹੋਣ ਦਾ ਫਾਇਦਾ ਉਠਾਉਂਦਿਆਂ ਕੁਝ ਵਿਅਕਤੀਆਂ ਵਲੋਂ ਪਿੰਡਾਂ ਦੇ ਘਰ-ਘਰ ਜਾ ਕੇ ਫਾਰਮ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਤੇ ਕਈ ਨੌਸਰਬਾਜ਼ਾਂ ਨੇ ਆਪੇ ਫਾਰਮ ਜਮ੍ਹਾਂ ਕਰਾਉਣ ਦੇ ਨਾਮ 'ਤੇ ਮੋਟੀਆਂ ਫੀਸਾਂ ਲੈ ਕੇ ਅਨਪੜ੍ਹ ਭੋਲੇ ਭਾਲੇ ਲੋਕਾਂ ਕੋਲੋਂ ਫਾਰਮ ਫੜ ਲਏ। ਸਰਕਾਰ ਵਲੋਂ ਇਸਦੀ ਫੀਸ 400 ਰੁਪਏ ਰੱਖੀ ਗਈ ਹੈ, ਪਰ ਕਈ ਪਿੰਡਾਂ 'ਚ ਨੌਸਰਬਾਜ਼ਾਂ ਵੱਲੋਂ 1000 ਰੁਪਏ ਪ੍ਰਤੀ ਫਾਰਮ ਦੇ ਵਸੂਲੇ ਗਏ ਹਨ।

ਸੇਵਾ ਕੇਂਦਰ ਦੇ ਇੰਚਾਰਜ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਬਾਅਦ ਜਦੋਂ ਦਾ ਕੰਮ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਜਿਆਦਾਤਰ ਲੋਕ ਲਾਭਪਾਤਰੀ ਦੇ ਫਾਰਮ ਜਮ੍ਹਾਂ ਕਰਾਉਣ ਲਈ ਹੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ ਹਜਾਰਾਂ ਫਾਰਮ ਜਮ੍ਹਾਂ ਹੋਣ ਕਾਰਨ ਸਾਈਟ ਵੀ ਐਨੀ ਵਿਅਸਤ ਰਹਿੰਦੀ ਹੈ ਕਿ ਇਕ ਦੋ ਦਿਨ ਚੱਲਣ ਤੋਂ ਬਾਅਦ ਬੰਦ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਲਾਇਨਾਂ 'ਚ ਖੜੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਰੋਜਾਨਾ 50 ਕੁ ਫਾਰਮ ਜਮਾ ਹੋ ਰਹੇ ਹਨ ਪਰ ਫਾਰਮ ਜਮ੍ਹਾਂ ਕਰਾਉਣ ਵਾਲਿਆਂ ਦੀ ਗਿਣਤੀ ਹਰ ਰੋਜ਼ ਸੈਂਕੜਿਆਂ 'ਚ ਹੁੰਦੀ ਹੈ, ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਨੂੰ ਵਾਧੂ ਮੁਲਾਜਮ ਤੇ ਸਕਿਉਰਿਟੀ ਗਾਰਡ ਤਾਇਨਾਤ ਕਰਨੇ ਪੈਂਦੇ ਹਨ। ਕਈ ਵਾਰ ਭੀੜ ਜਿਆਦਾ ਵਧਦੀ ਦੇਖ ਕੇ ਉਨ੍ਹਾਂ ਨੂੰ ਮੇਨ ਦਰਵਾਜੇ ਬੰਦ ਕਰਨ ਤੱਕ ਦੀ ਨੌਬਤ ਆ ਜਾਂਦੀ ਹੈ।

ਸਵੇਰੇ ਹੀ ਸੇਵਾ ਕੇਂਦਰ 'ਚ ਫਾਰਮ ਜਮਾ ਕਰਵਾਉਣ ਲਈ ਇੰਨੇ ਲੋਕ ਪਹੁੰਚ ਗਏ, ਅੰਦਰਲਾ ਹਾਲ ਭਰਨ ਤੋਂ ਬਾਅਦ ਵੀ ਲੋਕ ਬਾਹਰ ਸੜਕ 'ਤੇ ਦੂਰ ਤੱਕ ਖੜੇ ਦੇਖੇ ਗਏ। ਬੇਸ਼ੱਕ ਸੇਵਾ ਕੇਂਦਰ ਦੇ ਪ੍ਰਬੰਧਕਾਂ ਵਲੋਂ ਸਮਾਜਿਕ ਦੂਰੀ ਕੰਟਰੋਲ ਕਰਨ ਲਈ ਗੋਲ ਚੱਕਰ ਲਗਾਏ ਹੋਏ ਹਨ, ਪਰ ਭੀੜ ਸੜਕ ਦੇ ਬਾਹਰ ਤੱਕ ਵਧਣ ਕਾਰਨ ਪੁਲਿਸ ਦਾ ਸਹਿਯੋਗ ਲੈਣਾ ਪਿਆ। ਪੁਲਿਸ ਪਾਰਟੀ ਨੇ ਸਵੇਰੇ ਸੇਵਾ ਕੇਂਦਰ ਪਹੁੰਚ ਕੇ ਭੀੜ ਨੂੰ ਕੰਟਰੋਲ ਕੀਤਾ ਤੇ ਆਪਸੀ ਦੂਰੀ ਬਣਾਉਣ ਲਈ ਆਦੇਸ਼ ਦਿੱਤੇ। ਲੇਬਰ ਇੰਸਪੈਟਕਰ ਜਸਵੀਰ ਕੌਰ ਨੇ ਕਿਹਾ ਕਿ ਸਿਰਫ ਮਜਦੂਰੀ ਕਰਨ ਵਾਲੇ ਲੋਕਾਂ ਦੇ ਹੀ ਇਹ ਕਾਰਡ ਬਣਨੇ ਹਨ, ਜਿਹੜੇ ਦੂਜੇ ਕੰਮਾਂ ਵਾਲੇ ਇਹ ਫਾਰਮ ਜਮ੍ਹਾਂ ਕਰਵਾ ਰਹੇ ਹਨ, ਉਨ੍ਹਾਂ ਦੀ ਪੜਤਾਲ ਤੋਂ ਬਾਅਦ ਰੱਦ ਕੀਤੇ ਜਾਣਗੇ।