ਜੇਐੱਨਐੱਨ, ਜਲਾਲਾਬਾਦ : ਜਲਾਲਾਬਾਦ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤੀਆਂ ਹਨ। ਬੁੱਧਵਾਰ ਦੁਪਹਿਰ 12 ਵਜੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਉਮੀਦਵਾਰ ਰਵਿੰਦਰ ਅਵਲਾ ਦੇ ਸਮਰਥਨ 'ਚ ਅਰਨੀਵਾਲਾ ਤੋਂ ਰੋਡ ਸ਼ੋਅ ਕੀਤਾ। ਰੋਡ ਸ਼ੋਅ ਵੱਖ-ਵੱਖ ਕਸਬਿਆਂ ਤੋਂ ਹੁੰਦੇ ਹੋਏ ਤਿੰਨ ਵਜੇ ਜਲਾਲਾਬਾਦ ਪਹੁੰਚੇਗਾ। ਜਲਾਲਾਬਾਦ 'ਚ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਕਾਰਨ, ਜਲਾਲਾਬਾਦ ਸੁਖਬੀਰ ਦਾ ਗੜ੍ਹ ਮੰਨਿਆ ਜਾਂਦਾ ਹੈ। ਉਹ ਪਿਛਲੇ ਤਿੰਨ ਵਿਧਾਨ ਸਭਾ ਚੋਣਾਂ ਇੱਥੋਂ ਜਿੱਤ ਚੁੱਕੇ ਹਨ। ਜਲਾਲਾਬਾਦ ਸੀਟ 'ਤੇ ਕਾਂਗਰਸ ਦੀ ਮੁੱਖ ਟੱਕਰ ਅਕਾਲੀ ਦਲ ਤੋਂ ਹੈ। ਅਕਾਲੀ ਦਲ ਨੇ ਇੱਥੋਂ ਰਾਜ ਸਿੰਘ ਡਿਬੀਪੁਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦਕਿ ਆਮ ਆਦਮੀ ਪਾਰਟੀ ਨੇ ਮਹਿੰਦਰ ਸਿੰਘ ਕਚੂਰਾ ਨੂੰ ਮੈਦਾਨ 'ਚ ਉਤਾਰਿਆ ਹੈ।

ਕੈਪਟਨ ਦਾ ਕਾਰਵਾਂ ਟਾਹਲੀਵਾਲਾ, ਇਸਲਮਾਵਾਲਾ, ਘਟਿਆਂਵਾਲੀ ਜੱਟਾ, ਘਟਿਆਂਵਾਲੀ ਬੋਦਲਾ, ਅਲਿਆਨਾ, ਨੁਕੇਰੀਆਂ, ਮੰਡੀ ਰੋੜਾਂਵਾਲੀ, ਹਲੀਮ ਵਾਲਾ, ਮੀਨਾ ਵਾਲੀ, ਚੱਕ ਪਾਲੀ ਵਾਲਾ, ਪਾਲੀ ਵਾਲ, ਗਾਠਗੜ੍ਹ, ਵੈਰੋਕੇ, ਮਹਾਲਮ, ਢਾਬ ਕੜਿਆਲ, ਕਟਿਆਂਵਾਲਾ, ਪੁਰਾਣੀ ਸਬਜ਼ੀ ਮੰਡੀ ਹੁੰਦੇ ਹੋਏ ਤਿੰਨ ਵਜੇ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਕ 'ਤੇ ਖ਼ਤਮ ਹੋਵੇਗਾ। ਉਹ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਸੰਬੋਧਨ ਕਰਨਗੇ।

Posted By: Amita Verma