ਜੇਐੱਨਐੱਨ, ਲੁਧਿਆਣਾ : ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਨੂੰ ਕੈਨੇਡਾ ਤੇ ਆਸਟ੍ਰੇਲੀਆ ਲਈ ਵੀਜ਼ਾ ਨਹੀਂ ਮਿਲੇਗਾ। ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਅੰਬੈਸੀ ਤੇ ਲੁਧਿਆਣਾ ਪੁਲਿਸ ਨੇ ਪਹਿਲੀ ਵਾਰ ਨਵਾਂ ਐਕਸ਼ਨ ਸ਼ੁਰੂ ਕੀਤਾ ਹੈ। ਇਸ ਐਕਸ਼ਨ ਤਹਿਤ ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਦਾ ਡਾਟਾ ਕੈਨੇਡਾ, ਬਰਤਾਨੀਆ, ਅਮਰੀਕਾ ਤੇ ਆਸਟ੍ਰੇਲੀਆ ਅੰਬੈਸੀ ਨੂੰ ਭੇਜ ਦਿੱਤਾ ਜਾਵੇਗਾ ਜਿਸ ਪਿੱਛੋਂ ਨਿਯਮ ਤੋੜਨ ਵਾਲੇ ਲੋਕ ਇਨ੍ਹਾਂ ਦੇਸ਼ਾਂ ਦਾ ਵੀਜ਼ਾ ਲੈਣ ਲਈ ਅਪਲਾਈ ਕਰਨਗੇ ਤਾਂ ਉਨ੍ਹਾਂ ਦੇ ਪੁਆਇੰਟ ਘੱਟ ਹੋ ਜਾਣਗੇ। ਇਸ ਪਿੱਛੋਂ ਵੀਜ਼ਾ ਮਿਲਣ 'ਚ ਮੁਸ਼ਕਿਲ ਪੇਸ਼ ਆਵੇਗੀ ਤੇ ਉਨ੍ਹਾਂ ਦਾ ਵੀਜ਼ਾ ਵੀ ਰੱਦ ਹੋ ਸਕਦਾ ਹੈ। ਟ੍ਰੈਫਿਕ ਪੁਲਿਸ ਹੁਣ ਨਿਯਮ ਤੋੜਨ ਵਾਲਿਆਂ ਦਾ ਡਾਟਾ ਤਿਆਰ ਕਰਨ ਵਿਚ ਜੁਟ ਗਈ ਹੈ।


ਅਪਰਾਧਿਕ ਮਾਮਲਿਆਂ ਨਾਲ ਟ੍ਰੈਫਿਕ ਨਿਯਮ ਤੋੜ ਵਾਲਿਆਂ ਦਾ ਡਾਟਾ ਜਾਵੇਗਾ ਅੰਬੈਸੀ 'ਚ

ਅਪਰਾਧਿਕ ਮਾਮਲਾ ਦਰਜ ਹੋਣ 'ਤੇ ਉਸ ਦਾ ਡਾਟਾ ਪੁਲਿਸ ਅੰਬੈਸੀ ਨੂੰ ਭੇਜ ਦਿੰਦੀ ਹੈ ਪਰ ਨਿਯਮ ਤੋੜਨ ਵਾਲਿਆਂ ਦਾ ਡਾਟਾ ਵੀ ਪੁਲਿਸ ਤੋਂ ਮੰਗਿਆ ਜਾਣ ਲੱਗਾ ਹੈ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਨਿਯਮ ਤੋੜਨ ਵਾਲਿਆਂ ਦਾ ਚਲਾਨ ਕਰ ਕੇ ਉਨ੍ਹਾਂ ਦਾ ਡਾਟਾ ਲੁਧਿਆਣਾ ਕਮਿਸ਼ਨਰੇਟ ਵੱਲੋਂ ਅੰਬੈਸੀ ਨੂੰ ਭੇਜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਅੰਬੈਸੀ ਵੱਲੋਂ ਅਜਿਹੇ ਲੋਕਾਂ ਦੇ ਫਾਰਮ ਆਉਣ 'ਤੇ ਪੁਆਇੰਟ ਘੱਟ ਕਰ ਦਿੱਤੇ ਜਾਣਗੇ।


ਰੈੱਡ ਲਾਈਟ ਤੋੜਨ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਰਹੇਗੀ ਨਜ਼ਰ

ਟ੍ਰੈਫਿਕ ਪੁਲਿਸ ਵੱਲੋਂ ਰੈੱਡ ਲਾਈਟ ਜੰਪ ਕਰਨ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਖ਼ਾਸ ਤੌਰ 'ਤੇ ਨਜ਼ਰ ਰੱਖੀ ਜਾਵੇਗੀ। ਅਜਿਹੇ ਨਿਯਮ ਤੋੜਨ ਵਾਲੇ ਲੋਕਾਂ ਦਾ ਡਾਟਾ ਵੱਖਰਾ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਡਾਟਾ ਨੂੰ ਵੱਖਰਿਆਂ ਭੇਜਿਆ ਜਾਵੇਗਾ ਤਾਂ ਜੋ ਇਨ੍ਹਾਂ ਦੇਸ਼ਾਂ ਵਿਚ ਵੀਜ਼ ਲੈਣ ਵੇਲੇ ਅਜਿਹੇ ਲੋਕਾਂ 'ਤੇ ਖ਼ਾਸ ਤੌਰ 'ਤੇ ਕਾਰਵਾਈ ਹੋ ਸਕੇ ਤੇ ਵੀਜ਼ਾ ਰੱਦ ਹੋ ਜਾਵੇ। ਇਸ ਤੋਂ ਇਲਾਵਾ ਵੀ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਜਿਸ ਵਿਚ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਨਰ ਵਾਲਿਆਂ ਦਾ ਵੀ ਡਾਟਾ ਅੰਬੈਸੀ ਨੂੰ ਭੇਜਿਆ ਜਾਵੇਗਾ।

ਟ੍ਰੈਫਿਕ ਪੁਲਿਸ ਵੱਲੋਂ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ

ਟ੍ਰੈਫਿਕ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਇਸ ਤਹਿਤ ਕਾਲਜ ਤੇ ਹੋਰਨਾਂ ਵਿਦਿਆਰਥੀਆਂ ਨਾਲ ਮਿਲ ਕੇ ਟ੍ਰੈਫਿਕ ਪੁਲਿਸ ਸੈਮੀਨਾਰ ਕਰੇਗੀ। ਸੈਮੀਨਾਰ ਦੌਰਾਨ ਨੌਜਵਾਨਾਂ ਨੂੰ ਦੱਸਿਆ ਜਾਵੇਗਾ ਕਿ ਜੇ ਉਹ ਟ੍ਰੈਫਿਕ ਨਿਯਮ ਤੋੜਦੇ ਹਨ ਤਾਂ ਉਨ੍ਹਾਂ ਨੂੰ ਵੀਜ਼ਾ ਲੈਣ ਵਿਚ ਮੁਸ਼ਕਿਲ ਆ ਸਕਦੀ ਹੈ ਕਿਉਂਕਿ ਜ਼ਿਆਦਾਤਰ ਟ੍ਰੈਫਿਕ ਨਿਯਮ ਨੌਜਵਾਨਾਂ ਵੱਲੋਂ ਤੋੜੇ ਜਾਂਦੇ ਹਨ ਤੇ ਇਨ੍ਹਾਂ ਦੇਸ਼ਾਂ ਵਿਚ ਵੀਜ਼ਾ ਹਾਸਲ ਕਰਨ ਲਈ ਸਭ ਤੋਂ ਜ਼ਿਆਦਾ ਨੌਜਵਾਨਾਂ ਦੀਆਂ ਅਰਜ਼ੀਆਂ ਆ ਰਹੀਆਂ ਹਨ।

ਅੰਬੈਸੀ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦਾ ਮੰਗਿਆ ਡਾਟਾ : ਸੀਪੀ

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਮੁੱਖ ਅੰਬੈਸੀ ਵੱਲੋਂ ਅਪਰਾਧਿਕ ਮਾਮਲਿਆਂ ਦਾ ਡਾਟਾ ਭੇਜਣ ਦੇ ਨਾਲ-ਨਾਲ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਸੂਚੀ ਵੀ ਅੰਬੈਸੀ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਕੈਨੇਡਾ, ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਦੀਆਂ ਅੰਬੈਸੀਆਂ ਨੂੰ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦਾ ਡਾਟਾ ਭੇਜਿਆ ਜਾਵੇਗਾ। ਇਸ ਤੋਂ ਬਾਅਦ ਜਦੋਂ ਇਹ ਲੋਕ ਵੀਜ਼ੇ ਲਈ ਅਰਜ਼ੀ ਦੇਣਗੇ ਤਾਂ ਵੀਜ਼ਾ ਮਿਲਣ ਨੂੰ ਲੈ ਕੇ ਪੁਆਇੰਟ ਘੱਟ ਹੋ ਜਾਣਗੇ ਤੇ ਉਨ੍ਹਾਂ ਨੂੰ ਵੀਜ਼ਾ ਮਿਲਣ ਵਿਚ ਮੁਸ਼ਕਿਲ ਪੇਸ਼ ਆਵੇਗੀ।