ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵੱਲੋਂ 1 ਸਤੰਬਰ ਨੂੰ ਕੋਟ ਮੰਗਲ ਸਿੰਘ ਸਥਿੱਤ ਕ੍ਰਾਈਮ ਇਨਵੈਸਟੀਗੇਸ਼ਨ ਦੇ ਮੁੱਖ ਦਫ਼ਤਰ ਵਿਖੇ ਫ੍ਰੀ ਕਾਨੂੰਨੀ ਸਲਾਹ ਕੈਂਪ ਲਗਾਇਆ ਜਾਵੇਗਾ। ਇਹ ਪ੍ਰਗਟਾਵਾ ਸਮਾਜ ਸੇਵਕ ਅਤੇ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪੰਜਾਬ ਪ੍ਰਧਾਨ ਗੌਰਵ ਅਰੋੜਾ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਬੇਸ਼ੱਕ ਅਸੀਂ ਮੰਨਦੇ ਹਾਂ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ ਪਰ ਨਾਲ ਹੀ ਇਹ ਵੀ ਦੁੱਖ ਦੀ ਗੱਲ ਹੈ ਕਿ ਅੱਜ ਗ਼ਰੀਬਾਂ 'ਤੇ ਲੋੜਵੰਦਾਂ ਲਈ ਇਨਸਾਫ ਲੈਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਤੇ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸ ਕੈਂਪ ਵਿੱਚ ਲੋੜਵੰਦ ਲੋਕਾਂ ਦੇ ਕੇਸ ਵੀ ਮੁਫ਼ਤ ਲਏ ਜਾਣਗੇ। ਅਰੋੜਾ ਨੇ ਕਿਹਾ ਕਿ ਫ੍ਰੀ ਕਾਨੂੰਨੀ ਕੈਂਪ ਰਾਹੀਂ ਲੋਕਾਂ ਨੂੰ ਕਨੂੰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਕਿਸ ਤਰ੍ਹਾਂ ਘੱਟ ਖਰਚੇ 'ਚ ਕਾਨੂੰਨੀ ਕਾਰਵਾਈ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਠੱਗ ਲੋਕ ਭੋਲੇ-ਭਾਲੇ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਲਗਾਉਣ ਦਾ ਉਦੇਸ਼ ਭੋਲੇ-ਭਾਲੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਬਚਾਉਣਾ ਵੀ ਹੈ ਤਾਂ ਜੋ ਉਹ ਕਿਸੇ ਦੇ ਝਾਂਸੇ 'ਚ ਆ ਕੇ ਆਪਣਾ ਆਰਥਿਕ ਨੁਕਸਾਨ ਹੋਣ ਤੋਂ ਬਚ ਸਕਣ।