ਕੁਲਵਿੰਦਰ ਸਿੰਘ ਰਾਏ, ਖੰਨਾ: ਜੰਮੂ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਅਚਾਨਕ ਜੀਟੀ ਰੋਡ ਪਿੰਡ ਲਿਬੜਾ, ਖੰਨਾ ਵਿਖੇ ਪਲਟ ਗਈ। ਬੱਸ ਮਜ਼ਦੂਰਾਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ। ਜਿਸ ਨਾਲ 10 ਦੇ ਕਰੀਬ ਮਜ਼ਦੂਰਾਂ ਨੂੰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਕਿ ਡਰਾਇਵਰ ਦੀ ਅੱਖ ਲੱਗ ਜਾਣ ਕਰਕੇ ਹਾਦਸਾ ਵਾਪਰਿਆ ਹੈ।

ਬੱਸ 'ਚ ਸਵਾਰ ਮਜ਼ਦੂਰਾਂ ਨੇ ਦੱਸਿਆ ਬੱਸ ਵਿੱਚ ਯੂਪੀ ਤੇ ਬਿਹਾਰ ਨੂੰ ਜਾਣ ਵਾਲੇ ਮਜ਼ਦੂਰ ਸਨ। ਉਹ ਬੱਸ 'ਚ ਸੌਂ ਰਹੇ ਸਨ ਤਾਂ ਅਚਾਨਕ ਬੱਸ ਪਲਟ ਗਈ, ਜਿਸ ਕਾਰਨ 10 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1-1 ਹਜ਼ਾਰ ਰੁਪਏ ਲਏ ਗਏ ਹਨ। ਫਿਲਹਾਲ ਬੱਸ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬੱਸ ਪਲਟਣ ਦੀ ਸੂਚਨਾ ਮਿਲਦੇ ਹੀ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਡਰਾਈਵਰ ਅਤੇ ਕੰਡਕਟਰ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।

ਆਪਸੀ ਦੂਰੀ ਦਾ ਨਿਯਮ ਦਰਕਿਨਾਰ

ਬੱਸ 'ਚ ਸਵਾਰ ਮੁਸਾਫਰਾਂ ਮੁਤਾਬਕ ਉਹ ਬੱਸ 'ਚ ਜੰਮੂ ਤੋਂ ਬਿਹਾਰ ਜਾ ਰਹੇ ਸੀ, ਬੱਸ 'ਚ ਕਰੀਬ 45 ਤੋਂ 50 ਲੋਕ ਸਵਾਰ ਸਨ। ਬੱਸ 52 ਸੀਟਾਂ ਵਾਲੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਆਪਸੀ ਦੂਰੀ ਦੇ ਨਿਯਮ ਨੂੰ ਦਰਕਿਨਾਰ ਕਰਕੇ ਬੱਸ ਮਜ਼ਦੂਰਾਂ ਨਾਲ ਭਰ ਲਿਜਾਈ ਜਾ ਰਹੀ ਸੀ।

Posted By: Tejinder Thind