ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਐਤਵਾਰ ਸਵੇਰੇ ਕਰੀਬ ਸਾਢੇ 10 ਵਜੇ ਬਰਨਾਲਾ-ਹੰਡਿਆਇਆ ਮੁੱਖ ਸੜਕ 'ਤੇ ਮੋਗਾ ਬਾਈਪਾਸ ਓਵਰਬ੍ਰਿਜ ਹੇਠ ਬੜੀ ਤੇਜ਼ ਰਫ਼ਤਾਰ ਨਾਲ ਬਰਨਾਲਾ ਤੋਂ ਬਠਿੰਡਾ ਜਾ ਰਹੀ ਰਾਜਧਾਨੀ ਬੱਸ ਇਕ ਮੋਟਰਸਾਈਕਲ ਸਵਾਰ ਦੋਧੀ ਨੂੰ ਬਚਾਉਂਦਿਆਂ ਖੇਤਾਂ ’ਚ ਉਤਰ ਗਈ। ਜਦੋਂਕਿ ਮੋਟਰਸਾਈਕਲ ਸਵਾਰ ਦੋਧੀ ਸੜਕ ’ਤੇ ਡਿੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਖੇਤਾਂ ’ਚ ਉਤਰੀ ਬੱਸ ਦੀਆਂ ਸਵਾਰੀਆਂ ਦੀਆਂ ਚੀਖਾਂ ਸੁਣਕੇ ਰਾਹਗੀਰ ਤੇ ਆਲੇ-ਦੁਆਲੇ ਕੰਮ ਕਰਦੇ ਲੋਕ ਮੌਕੇ ’ਤੇ ਪੁੱਜ ਕੇ ਸਵਾਰੀਆਂ ਦੇ ਬਚਾਅ ’ਚ ਜੁੱਟ ਗਏ।

ਇਸ ਹਾਦਸੇ ’ਚ ਕਾਕਾ ਸਿੰਘ ਵਾਸੀ ਖੁੱਡੀ ਕਲਾਂ, ਅਮਰਜੀਤ ਕੌਰ ਵਾਸੀ ਗੁਰਸੇਵਕ ਨਗਰ ਬਰਨਾਲਾ, ਬਬੀਤਾ ਵਾਸੀ ਲੁਧਿਆਣਾ, ਬਿੰਦਰ ਕੌਰ ਵਾਸੀ ਕੁਠਾਲਾ, ਬੇਗਮ ਨੂਰ ਵਾਸੀ ਜੈਮਲ ਸਿੰਘ ਵਾਲਾ, ਰਾਮ ਦੇਵ ਵਾਸੀ ਲੱਖੀ ਕਲੋਨੀ ਬਰਨਾਲਾ, ਦਰਸ਼ਨ ਸਿੰਘ ਵਾਸੀ ਬਰਨਾਲਾ, ਜਸਵੀਰ ਸਿੰਘ ਵਾਸੀ ਜਟਾਣਾ ਉੱਚਾ, ਅਹਮਿਦੀ ਨਾਜੀਮ ਵਾਸੀ ਲੁਧਿਆਣਾ, ਰਣਜੀਤ ਕੌਰ ਵਾਸੀ ਗਿੱਲ ਕਲਾਂ ਜ਼ਿਲ੍ਹਾ ਬਠਿੰਡਾ, ਨਰਦੇਵ ਸਿੰਘ, ਮਹਿੰਦਰ ਕੌਰ ਤੇ ਸੰਤ ਰਾਮ ਵਾਸੀ ਰਾਮਪੁਰਾ ਜਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੇ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪੁੱਜੇ। ਉੱਧਰ ਪ੍ਰਾਈਵੇਟ ਐਂਬੂਲੈਂਸ ਤੇ ਹੋਰਨਾਂ ਸਾਧਨਾਂ ਰਾਹੀਂ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ ’ਚ ਜਖ਼ਮੀ ਇਕ ਬਜ਼ੁਰਗ ਨੂੰ ਪੁਲਿਸ ਮੁਲਾਜਮਾਂ ਨੇ ਬੱਸ ’ਚੋਂ ਬਾਹਰ ਕੱਢਿਆ ਜੋਕਿ ਖ਼ੂਨ ਨਾਲ ਪੂਰਾ ਲੱਥਪੱਥ ਹੋ ਗਿਆ ਸੀ। ਕੁਝ ਜਖ਼ਮੀ ਸਵਾਰੀਆਂ ਨੂੰ ਪੁਲਿਸ ਟੀਮ ਵਲੋਂ ਆਪਣੀ ਗੱਡੀ ਰਾਹੀਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਜਖ਼ਮੀਆਂ ਦਾ ਇਲਾਜ਼ ਜਾਰੀ ਹੈ, ਜਦੋਂਕਿ ਇਕ ਬਜ਼ੁਰਗ ਤੇ ਕੁਝ ਹੋਰ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਨੇ ਰਾਜਧਾਨੀ ਬੱਸ ਨੰਬਰ ਪੀਬੀ-07ਬੀਵੀ-7566 ਤੇ ਦੋਧੀ ਦੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਖ਼ਮੀ ਬੱਸ ਚਾਲਕ ਜਸਮੇਲ ਸਿੰਘ ਸਹਿਜੜਾ ਨੇ ਦੱਸਿਆ ਕਿ ਬੱਸ ਬਰਨਾਲਾ ਤੋਂ ਬਠਿੰਡਾ ਜਾ ਰਹੀ ਸੀ, ਜਦੋਂ ਉਹ ਮੋਗਾ ਬਾਈਪਾਸ ਦੇ ਪੁਲ ਹੇਠਾਂ ਪੁੱਜੇ ਤਾਂ ਮੋਟਰਸਾਈਕਲ ’ਤੇ ਹੰਡਿਆਇਆ ਵੱਲ ਜਾ ਰਹੇ ਦੋਧੀ ਦੇ ਮੋਟਰਸਾਈਕਲ ਦਾ ਸੰਤੁਲਨ ਅਚਾਨਕ ਵਿਗੜ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਉਸਨੇ ਨਜਦੀਕੀ ਖੇਤਾਂ ਵਲ ਮੌੜ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਬੱਸ ਨੂੰ ਕੰਟਰੋਲ ਕਰਦਾ ਖੇਤਾਂ ਵੱਲ ਨਾ ਮੋੜਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜਿਸ ਨਾਲ ਸਵਾਰੀਆਂ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ।

ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਜਦੋਂ ਬੱਸ ਚਾਲਕ ਨੇ ਹਾਰਨ ਵਜਾਇਆ ਤਾਂ ਬੱਸ ਤੋਂ ਅੱਗੇ ਜਾ ਰਿਹਾ ਦੋਧੀ ਇਕੋਦਮ ਡਰ ਗਿਆ ਤੇ ਆਪਣੇ ਬਚਾਅ ਦਾ ਯਤਨ ਕਰਦਾ ਹੋਇਆ ਮੋਟਰਸਾਈਕਲ ਉੱਥੇ ਹੀ ਡਿੱਗ ਗਿਆ। ਜਦੋਂਕਿ ਬੱਸ ਤੇਜ਼ ਹੋਣ ਕਾਰਨ ਖੇਤਾਂ ’ਚ ਉਤਰ ਗਈ। ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਖ਼ਮੀਆਂ ਦੇ ਬਿਆਨਾਂ ਤੇ ਹਾਦਸੇ ਵਾਲੀ ਥਾਂ ਤੋਂ ਜਾਣਕਾਰੀ ਹਾਸਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Amita Verma