ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਮੋਟਰਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਰਿਮਾਂਡ ਦੇ ਦੌਰਾਨ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ। ਪੁੱਛਗਿੱਛ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਸਿਰਫ਼ ਬੁਲੇਟ ਮੋਟਰਸਾਈਕਲ ਹੀ ਚੋਰੀ ਕਰਦੇ ਹਨ। ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸੱਤ ਬੁਲੇਟ ਮੋਟਰਸਾਈਕਲ ਬਰਾਮਦ ਕੀਤੇ। ਰਿਮਾਂਡ ਖ਼ਤਮ ਹੋਣ 'ਤੇ ਪੁਲਿਸ ਨੇ ਐਤਵਾਰ ਨੂੰ ਮੁਲਾਜ਼ਮਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸੱਤ ਮੋਟਰਸਾਈਕਲਾਂ ਚੋਂ ਪੰਜ ਉਪਰ ਜਾਅਲੀ ਨੰਬਰ ਲੱਗੇ ਹੋਏ ਸਨ, ਜਦਕਿ ਦੋ ਮੋਟਰਸਾਈਕਲ ਬਿਨਾਂ ਨੰਬਰਾਂ ਤੋਂ ਸਨ। ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਤੇ ਥਾਣਾ ਡਵੀਜ਼ਨ ਨੰਬਰ ਪੰਜ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਨੂੰ ਪਿੰਡ ਗਾਲਿਬ ਕਲਾਂ ਦੇ ਵਾਸੀ ਵਿਰਸਾ ਸਿੰਘ ਤੇ ਹਰਮਨਦੀਪ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਚੋਰੀ ਦੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਾਲਿਬ ਕਲਾਂ ਤੋਂ ਲੁਧਿਆਣਾ ਵੱਲ ਨੂੰ ਆ ਰਹੇ ਸਨ। ਮੁੱਢਲੀ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਗਿਰੋਹ 'ਚ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਹਰਜਿੰਦਰ ਸਿੰਘ, ਗਾਲਿਬ ਕਲਾਂ ਦਾ ਵਾਸੀ ਗੁਰਮਨ ਸਿੰਘ ਤੇ ਹਿੰਦਾ ਵੀ ਹਨ। ਕਾਰਵਾਈ ਕਰਦਿਆਂ ਪੁਲਿਸ ਨੇ ਇਸ ਗਿਰੋਹ ਦੇ ਤੀਸਰੇ ਮੈਂਬਰ ਹਰਜਿੰਦਰ ਸਿੰਘ ਉਰਫ ਬੌਬੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਮਾਸਟਰ ਜੀ ਦੇ ਨਾਲ ਕਰਦੇ ਸਨ ਮੋਟਰਸਾਈਕਲ ਚੋਰੀ

ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਸਾਲ ਦੀ ਸ਼ੁਰੂਆਤ ਤੋਂ ਹੀ ਬੁਲੇਟ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਸੀ। ਸਵੇਰ ਸਾਰ ਨਾਲ ਹੀ ਮੁਲਜ਼ਮ ਸ਼ਹਿਰ 'ਚ ਆ ਜਾਂਦੇ ਤੇ ਪੌਸ਼ ਇਲਾਕਿਆਂ 'ਚ ਘੁੰਮ ਫਿਰ ਕੇ ਰੈਕੀ ਕਰਨ ਤੋਂ ਬਾਅਦ ਘਰਾਂ ਤੇ ਦਫਤਰਾਂ ਦੇ ਬਾਹਰ ਖੜ੍ਹੇ ਬੁਲੇਟ ਮੋਟਰ ਸਾਈਕਲਾਂ ਨੂੰ ਨਿਸ਼ਾਨਾ ਬਣਾਉਂਦੇ। ਪੁਲਿਸ ਦੇ ਮੁਤਾਬਕ ਮੁਲਜ਼ਮ ਵਿਰਸਾ ਸਿੰਘ ਪਹਿਲੋਂ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਉਸ ਨੇ ਇਕ ਮਾਸਟਰ ਕੀ ਵੀ ਤਿਆਰ ਕੀਤੀ ਹੋਈ ਸੀ। ਮਾਸਟਰ ਚਾਬੀ ਦੇ ਜ਼ਰੀਏ ਉਹ ਬੁਲੇਟ ਮੋਟਰਸਾਈਕਲ ਖੋਲ੍ਹ ਕੇ ਸਟਾਰਟ ਕਰਦਾ ਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੁਲਜ਼ਮ ਫ਼ਰਾਰ ਹੋ ਜਾਂਦੇ ਹਨ।


ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਸੱਤ ਮਾਮਲੇ ਹੋਏ ਹਨ

ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੁਲੇਟ ਮੋਟਰਸਾਈਕਲ ਚੋਰੀ ਦੇ ਮਾਮਲਿਆਂ ਸਬੰਧੀ ਥਾਣਾ ਸਰਾਭਾ ਨਗਰ ਤੇ ਥਾਣਾ ਡਵੀਜ਼ਨ ਨੰਬਰ ਅੱਠ 'ਚ ਇਕ-ਇਕ ਐੱਫਆਈਆਰ ਦਰਜ ਸੀ, ਜਦ ਕਿ ਥਾਣਾ ਡਵੀਜ਼ਨ ਨੰਬਰ ਪੰਜ 'ਚ ਪੰਜ ਮੁਕੱਦਮੇ ਦਰਜ ਕੀਤੇ ਗਏ ਸਨ। ਮੁਲਜ਼ਮਾਂ ਦੇ ਕਾਬੂ ਕੀਤੇ ਜਾਣ ਤੋਂ ਬਾਅਦ ਉਹ ਸਾਰੇ ਮਾਮਲੇ ਹੱਲ ਹੋ ਗਏ ਹਨ।


ਕਈ ਵਾਰਦਾਤਾ ਆਈਆਂ ਸਾਹਮਣੇ

ਤਫਤੀਸ਼ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਵਿਰਸਾ ਸਿੰਘ ਤੇ ਹਰਮਨਦੀਪ ਸਿੰਘ ਨੇ ਗੁਰਦੁਆਰਾ ਨਾਨਕਸਰ ਫ਼ਿਰੋਜ਼ਪੁਰ ਰੋਡ, ਮਲਹਾਰ ਰੋਡ, ਸਰਾਭਾ ਨਗਰ, ਲਈਅਰ ਵੈਲੀ ਤੇ ਐਮਬੀਡੀ ਮਾਲ ਦੇ ਬਾਹਰੋਂ ਅੱਠ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਤਲਾਸ਼ ਕਰ ਰਹੀ ਹੈ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁੱਢਲੀ ਪੜਤਾਲ ਦੇ ਦੌਰਾਨ ਪੁਲਿਸ ਨੂੰ ਉਨ੍ਹਾਂ ਵਿਅਕਤੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਗਿਰੋਹ ਦੇ ਮੈਂਬਰਾਂ ਨੂੰ ਮੋਟਰਸਾਈਕਲ ਵੇਚਣੇ ਸਨ। ਪੁਲਿਸ ਉਨ੍ਹਾਂ ਵਿਅਕਤੀਆਂ ਨੂੰ ਵੀ ਤਲਾਸ਼ ਕਰ ਰਹੀ ਹੈ।

Posted By: Sarabjeet Kaur