ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਆਰੰਭਦਿਆਂ ਸੰਗਤਾਂ ਨੂੰ ਸੱਦਾ ਪੱਤਰ ਦੇ ਕੇ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰ ਪਾਲ ਧੀਮਾਨ ਨੇ ਦੱਸਿਆ ਕਿ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਸਰਬ ਸਾਂਝੀ ਦੇ ਸਹਿਯੋਗ ਸਦਕਾ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮੰਗਲਵਾਰ 25 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਆਰੰਭਤਾ 17 ਅਕਤੂਬਰ ਨੂੰ ਸ੍ਰੀ ਸਹਿਜ ਪਾਠ ਦੇ ਪ੍ਰਕਾਸ਼ ਕਰਨ ਨਾਲ ਹੋਵੇਗੀ ਜਿਨ੍ਹਾਂ ਦੇ ਭੋਗ ਮੰਗਲਵਾਰ ਨੂੰ ਪਾਏ ਜਾਣਗੇ ਅਤੇ ਸ੍ਰੀ ਵਿਸ਼ਵਕਰਮਾ ਪੂਜਾ ਪੰਡਿਤ ਬਲਵੰਤ ਰਾਏ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਮੰਗਲਵਾਰ ਨੂੰ ਦੀਵਾਨ ਸਜਣਗੇ ਜਿਸ ਵਿਚ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਾ ਕੀਰਤਨੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਬਾਬਾ ਬਲਜਿੰਦਰ ਸਿੰਘ ਨਾਨਕਸਰ ਠਾਠ ਵਾਲਿਆਂ ਦੇ ਅਸ਼ੀਰਵਾਦ ਨਾਲ ਕਰਵਾਏ ਜਾ ਰਹੇ ਸਮਾਗਮ ਵਿਚ ਇਲਾਕੇ ਦੇ ਰਾਜਨੀਤਕ, ਪ੍ਰਸ਼ਾਸਨਿਕ, ਸਮਾਜ ਸੇਵੀ ਅਤੇ ਧਾਰਮਿਕ ਆਗੂ ਪੁੱਜ ਰਹੇ ਹਨ। ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ, ਮੀਤ ਪ੍ਰਧਾਨ ਮੰਗਲ ਸਿੰਘ ਸਿੱਧੂ, ਸੈਕਟਰੀ ਅਮਰਜੀਤ ਸਿੰਘ ਘਟੌੜੇ, ਪ੍ਰਰੀਤਮ ਸਿੰਘ ਰਾਮਾ, ਜਗਰੂਪ ਸਿੰਘ ਗੈਦੂ, ਪਾਲ ਸਿੰਘ ਪਾਲੀ, ਗੁਰਮੇਲ ਸਿੰਘ ਢੁੱਡੀਕੇ, ਸੁਖਦੇਵ ਸਿੰਘ ਘਟੌੜੇ, ਸੁਰਿੰਦਰ ਸਿੰਘ ਕਾਕਾ, ਧਰਮਪਾਲ ਸਿੰਘ ਰਾਜੂ, ਜਸਪਾਲ ਸਿੰਘ ਪਾਲੀ, ਸਤਪਾਲ ਸਿੰਘ ਮਲਕ, ਸੁਖਵਿੰਦਰ ਸਿੰਘ ਉੱਪਲ ਆਦਿ ਹਾਜ਼ਰ ਸਨ।