ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਮਾਛੀਵਾੜਾ ਪੁਲਿਸ ਵਲੋਂ ਦਸਤਾਵੇਜ਼ ਸਹੀ ਨਾ ਹੋਣ ਕਾਰਨ ਚਚੇਰੇ ਭਰਾਵਾਂ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਵਾਸੀ ਮਾਛੀਵਾੜਾ ਖ਼ਾਸ ਨੂੰ ਰੁਜ਼ਗਾਰ ਲਈ ਮਲੇਸ਼ੀਆ ਭੇਜਣ ਦੇ ਦੋਸ਼ ਹੇਠ ਟਰੈਵਲ ਏਜੰਟ ਮਨਦੀਪ ਸਿੰਘ ਵਾਸੀ ਬੁੱਲੇਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੰਗਤ ਰਾਮ ਵਾਸੀ ਮਾਛੀਵਾੜਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪੁੱਤਰ ਸੁਰਿੰਦਰਪਾਲ ਤੇ ਸੰਦੀਪ ਨੇ ਏਜੰਟ ਮਨਦੀਪ ਸਿੰਘ ਨਾਲ ਅਗਸਤ 2018 ਵਿਚ ਮਲੇਸ਼ੀਆ, ਰੁਜ਼ਗਾਰ ਲਈ ਜਾਣ ਦੀ ਗੱਲ ਕੀਤੀ। ਏਜੰਟ ਮਨਦੀਪ ਨੇ ਵਿਸ਼ਵਾਸ ਦਿਵਾਇਆ ਕਿ ਦੋਵਾਂ ਨੂੰ ਵਰਕ ਪਰਮਿਟ 'ਤੇ ਰੁਜ਼ਗਾਰ ਲਈ ਭੇਜ ਸਕਦਾ ਹੈ, ਜਿਸ ਲਈ ਉਸ ਨੂੰ ਵੱਖ-ਵੱਖ ਤਰੀਕਾਂ ਨੂੰ 2 ਲੱਖ 59 ਹਜ਼ਾਰ ਰੁਪਏ ਦੇ ਦਿੱਤਾ ਗਿਆ।

ਲੰਘੀ 13-8-2018 ਨੂੰ ਏਜੰਟ ਮਨਦੀਪ ਸਿੰਘ ਨੇ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਨੂੰ ਅੰਮਿ੍ਤਸਰ ਏਅਰਪੋਰਟ ਤੋਂ ਜਹਾਜ਼ ਰਾਹੀਂ ਮਲੇਸ਼ੀਆ ਕੋਆਲਾਲੰਪੁਰ ਭੇਜ ਦਿੱਤਾ। ਮਲੇਸ਼ੀਆ ਹਵਾਈ ਅੱਡੇ 'ਤੇ ਪੁੱਜਣ ਦੌਰਾਨ ਉਥੋਂ ਦੀ ਇਮੀਗ੍ਰੇਸ਼ਨ ਨੇ ਸੁਰਿੰਦਰਪਾਲ ਤੇ ਸੰਦੀਪ ਨੂੰ ਵੀਜ਼ਾ ਤੇ ਦਸਤਾਵੇਜ਼ ਸਹੀ ਨਾ ਹੋਣ ਕਾਰਨ ਗਿ੍ਫ਼ਤਾਰ ਕਰ ਲਿਆ ਤੇ 5 ਦਿਨਾਂ ਤਕ ਉੱਥੋਂ ਦੀ ਪੁਲਿਸ ਨੇ ਦੋਵੇਂ ਚਚੇਰੇ ਭਰਾਵਾਂ ਨੂੰ ਹਿਰਾਸਤ ਵਿਚ ਰੱਖਿਆ। ਅਖੀਰ ਮੰਗਤ ਰਾਮ ਨੇ ਆਪਣੇ ਖਰਚੇ 'ਤੇ ਹਵਾਈ ਅੱਡੇ ਤੋਂ ਟਿਕਟਾਂ ਲੈ ਕੇ ਲੜਕੇ ਸੁਰਿੰਦਰਪਾਲ ਤੇ ਭਤੀਜੇ ਸੰਦੀਪ ਨੂੰ ਵਾਪਿਸ ਭਾਰਤ ਮੰਗਵਾਇਆ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਦੀਪ ਸਿੰਘ ਵਾਸੀ ਬੁੱਲੇਵਾਲ ਰਜਿਸਟਰਡ ਟਰੈਵਲ ਏਜੰਟ ਨਹੀਂ ਹੈ ਤੇ ਉਸਨੇ ਸ਼ਿਕਾਇਤਕਰਤਾ ਮੰਗਤ ਰਾਮ ਨੂੰ ਗੁੰਮਰਾਹ ਕਰ ਉਸ ਦੇ ਪੁੱਤਰ ਤੇ ਭਤੀਜੇ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਲਾ ਕੇ ਮਲੇਸ਼ੀਆ ਭੇਜ ਦਿੱਤਾ ਸੀ ਤੇ 2 ਲੱਖ 59 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ। ਪੁਲਿਸ ਵੱਲੋਂ ਮਨਦੀਪ ਸਿੰਘ ਵਾਸੀ ਬੁੱਲੇਵਾਲ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।