ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮਹਾਂ ਲਕਸ਼ਮੀ ਨਗਰ ਗਿਆਸਪੁਰਾ ਇਲਾਕੇ ਦੇ ਘਰ ਚੋਂ ਸ਼ੱਕੀ ਹਾਲਾਤਾਂ ਵਿੱਚ 6 ਅਤੇ 8 ਸਾਲ ਦੇ ਭੈਣ ਭਰਾ ਲਾਪਤਾ ਹੋ ਗਏ । ਬੱਚਿਆਂ ਨੂੰ ਲਿਜਾਣ ਪਿੱਛੇ ਕਿਸੇ ਦਾ ਕੀ ਮਕਸਦ ਹੈ ਇਹ ਅਜੇ ਤਕ ਭੇਦ ਹੀ ਬਣਿਆ ਹੋਇਆ ਹੈ ,ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਹਾਂ ਲਕਸ਼ਮੀ ਨਗਰ ਗਿਆਸਪੁਰਾ ਦੇ ਵਾਸੀ ਅਮਨ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਸਵੇਰੇ ਅੱਠ ਵਜੇ ਆਪਣੀ ਪਤਨੀ ਪੂਜਾ ਨਾਲ ਕੰਮ ਤੇ ਚਲਾ ਗਿਆ । ਘਰ ਵਿੱਚ ਉਸ ਦਾ ਅੱਠ ਸਾਲ ਦਾ ਬੇਟਾ ਸੂਰਜ ਅਤੇ ਛੇ ਸਾਲ ਦੀ ਧੀ ਅੰਜਲੀ ਇਕੱਲੇ ਹੀ ਸਨ ।ਸ਼ਾਮ ਵੇਲੇ ਜਦ ਜੋੜਾ ਕੰਮ ਤੋਂ ਘਰ ਪਰਤਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੇ ਘਰ ਵਿਚ ਮੌਜੂਦ ਨਹੀਂ ਸਨ ।ਮਾਪਿਆਂ ਨੇ ਰਿਸ਼ਤੇਦਾਰਾਂ ਤੇ ਵਾਕਫ਼ ਵਿਅਕਤੀਆਂ ਕੋਲੋਂ ਬੱਚਿਆਂ ਬਾਰੇ ਪੁੱਛਗਿੱਛ ਕੀਤੀ ਪਰ ਉਨ੍ਹਾਂ ਸਬੰਧੀ ਕੋਈ ਵੀ ਸੁਰਾਗ ਨਾ ਮਿਲਿਆ। ਮਾਪਿਆਂ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਕਿਸੇ ਨਿੱਜੀ ਸਵਾਰਥ ਲਈ ਦੋਵਾਂ ਬੱਚਿਆਂ ਨੂੰ ਅਗਵਾ ਕਰ ਲਿਆ ਹੈ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਬੱਚਿਆਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ।

Posted By: Tejinder Thind