ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਸੁਭਾਸ਼ ਗੇਟ ਤੋਂ ਲੈ ਕੇ ਅਗਵਾੜ ਲੋਪੋ ਨੂੰ ਜਾਂਦੀ ਖਸਤਾ ਹਾਲਤ ਸੜਕ ਦਾ ਨਿਰਮਾਣ ਮੁਕੰਮਲ ਨਾ ਹੋਣ ਕਾਰਨ ਲੋਕ ਡਾਹਢੇ ਪਰੇਸ਼ਾਨ ਹਨ। ਜਗਰਾਓਂ ਦੇ ਨਾਲ ਲੱਗਦੇ ਅਗਵਾੜ ਅਤੇ ਕਈ ਪਿੰਡਾਂ ਨੂੰ ਲੱਗਦੀ ਇਸ ਮੁੱਖ ਸੜਕ 'ਤੇ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ ਪਰ ਪਿਛਲੇ 6 ਮਹੀਨਿਆਂ ਤੋਂ ਇਸ ਦੀ ਕੀੜੀ ਚਾਲ ਨਿਰਮਾਣ ਨੇ ਹਰ ਇਕ ਵਿਅਕਤੀ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਸੜਕ ਦੇ ਨਿਰਮਾਣ ਵਾਲੇ ਦਿਨ ਤੋਂ ਹੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਦੇ ਜਿੱਤੇ ਅਤੇ ਹਾਰੇ ਕੌਂਸਲਰ 'ਚ ਲੜਾਈ, ਕਦੇ ਸੜਕ ਦੇ ਲੈਵਲ ਨੂੰ ਲੈ ਕੇ ਲੋਕ ਆਹਮੋ ਸਾਹਮਣੇ ਅਤੇ ਹੁਣ 6 ਮਹੀਨੇ ਬੀਤਣ 'ਤੇ ਵੀ ਇਸ ਦਾ ਨਿਰਮਾਣ ਮੁਕੰਮਲ ਨਾ ਹੋਣ ਕਾਰਨ ਰੋਜ ਲੋਕ ਮੁਸੀਬਤ ਨਾਲ ਜੂਝ ਰਹੇ ਹਨ। ਨਿਰਮਾਣ ਦੇ ਚੱਲਦਿਆਂ ਇਸ ਸੜਕ 'ਤੇ ਆਵਾਜਾਈ ਬੰਦ ਹੋਣ ਕਾਰਨ ਵੀ ਰਾਹਗੀਰ ਮੁਸੀਬਤ ਝਲ ਰਹੇ ਹਨ, ਕਿਉਂਕਿ ਇਸ ਸੜਕ ਦਾ ਨਿਰਮਾਣ ਮੁਕੰਮਲ ਹੋਣ ਦਾ ਨਾਮ ਨਹੀਂ ਲੈ ਰਿਹਾ। ਠੇਕੇਦਾਰ ਮਰਜੀ ਨਾਲ ਇੱਟਾਂ ਲਗਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਮਰਜੀ ਨਾਲ ਹੀ ਕਈ ਕਈ ਦਿਨ ਨਿਰਮਾਣ ਕਾਰਜ ਬੰਦ ਕਰ ਦਿੱਤੇ ਜਾਂਦੇ ਹਨ। ਅਜਿਹੇ ਵਿਚ ਇਸ ਸੜਕ 'ਤੇ ਦਰਜਨਾਂ ਦੁਕਾਨਦਾਰਾਂ ਦੀ ਦੁਕਾਨਦਾਰੀ ਠੱਪ ਵਰਗੀ ਹੋਣ ਕਾਰਨ ਉਨ੍ਹਾਂ ਨੂੰ ਘਰ ਦਾ ਗੁਜਾਰਾ ਅੌਖਾ ਹੋ ਗਿਆ ਹੈ। ਵਿਰੋਧੀ ਧਿਰ ਨਾਲ ਸਬੰਧਤ ਕੌਂਸਲਰ ਕੋਲ ਵੀ ਲੋਕਾਂ ਦਾ ਰੋਇਆ ਦੁਖੜਾ ਕੰਮ ਨਾ ਆਇਆ, ਜਿਸ ਦੇ ਚੱਲਦਿਆਂ ਹੁਣ ਗੁਰਦੁਆਰਾ ਚੌਂਕ ਤੋਂ ਲੈ ਕੇ ਗੁਰਦੁਆਰਾ ਗੋਬਿੰਦਪੁਰਾ ਤਕ ਸੜਕ ਦੀ ਹਾਲਤ ਨਰਕ ਵਰਗੀ ਬਣੀ ਹੋਈ ਹੈ। ਇਸ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਸੜਕ ਨਾ ਬਨਣ 'ਤੇ ਸੰਘਰਸ਼ ਦਾ ਐਲਾਨ ਕਰਦਿਆਂ ਠੇਕੇਦਾਰ ਦੇ ਘਰ ਅੱਗੇ ਧਰਨਾ ਲਾਉਣ ਦਾ ਪ੍ਰਰੋਗਰਾਮ ਉਲੀਕ ਲਿਆ। ਜਿਸ ਦਾ ਯੂਥ ਅਕਾਲੀ ਦਲ ਦੇ ਆਗੂ ਦੀਪਇੰਦਰ ਸਿੰਘ ਭੰਡਾਰੀ ਨੇ ਵੀ ਸਮਰਥਨ ਕੀਤਾ।