ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦਿਆਂ 8 ਹਜ਼ਾਰ ਦੀ ਰਿਸ਼ਵਤ ਸਮੇਤ ਥਾਣਾ ਡਵੀਜ਼ਨ ਨੰਬਰ 6 ਦੇ ਏਐੱਸਆਈ ਬਲਵਿੰਦਰ ਰਾਮ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਭਾਗ ਨੇ ਮੁਲਜ਼ਮ ਦੇ ਖਿਲਾਫ ਪੀਸੀ ਐਕਟ ਦਾ ਮੁਕੱਦਮਾ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੱਤਰਕਾਰ ਸੰਮੇਲਨ ਦੇ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਵਿਜੀਲੈਂਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਸਰਬਜੀਤ ਸਿੰਘ ਕਲਸੀ ਦਾ ਮਾਰਕੀਟ ਵਿਚ ਪਲਾਟ ਹੈ। ਪਲਾਟ ਵਿੱਚੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਰਬਜੀਤ ਸਿੰਘ ਦੀ ਪਤਨੀ ਦਾ ਗੁਆਂਢੀ ਦੇ ਨਾਲ ਝਗੜਾ ਹੋਇਆ। ਇਸ ਸਾਰੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 6 ਵਿਚ ਦਿੱਤੀ ਗਈ ਕੇਸ ਦੀ ਪੜਤਾਲ ਏਐੱਸਆਈ ਬਲਵਿੰਦਰ ਰਾਮ ਕਰ ਰਹੇ ਸਨ।

ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਨੂੰ ਲੈ ਕੇ ਬਲਵਿੰਦਰ ਸਿੰਘ ਸਰਬਜੀਤ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਸਰਬਜੀਤ ਸਿੰਘ ਨੇ 2 ਹਜਾਰ ਰੁਪਏ ਪਹਿਲਾਂ ਦੇ ਦਿੱਤੇ ਤੇ ਬਾਕੀ 8 ਹਜ਼ਾਰ ਦੀ ਰਕਮ ਦੇਣ ਲਈ ਸ਼ੁੱਕਰਵਾਰ ਦਾ ਦਿਨ ਮੁਕੱਰਰ ਕੀਤਾ। ਇਸੇ ਦੌਰਾਨ ਸਰਬਜੀਤ ਨੇ ਵਿਜੀਲੈਂਸ ਵਿਭਾਗ ਨੂੰ ਇਤਲਾਹ ਕਰ ਦਿੱਤੀ। ਜਾਣਕਾਰੀ ਮਿਲਦੇ ਸਾਰ ਵਿਜੀਲੈਂਸ ਵਿਭਾਗ ਨੇ ਟਰੈਪ ਲਗਾਇਆ ਅਤੇ ਜਿਸ ਤਰ੍ਹਾਂ ਹੀ ਸਰਬਜੀਤ ਜਦੋਂ ਬਲਵਿੰਦਰ ਰਾਮ ਨੂੰ 8 ਹਜਾਰ ਰੁਪਏ ਦੇ ਰਿਹਾ ਸੀ ਤਾਂ ਵਿਭਾਗ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।