ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਹੰਬੜਾਂ ਇਲਾਕੇ 'ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਨਕਦੀ ਚੋਰੀ ਕਰ ਲਈ। ਥਾਣਾ ਲਾਡੋਵਾਲ ਦੀ ਪੁਲਿਸ ਨੇ ਲਾਡੋਵਾਲ ਦੇ ਵਾਸੀ ਲਖਵਿੰਦਰ ਸਿੰਘ ਦੇ ਬਿਆਨ 'ਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਸਵਰਨ ਸਿੰਘ ਘਰ ਨੂੰ ਤਾਲੇ ਲਗਾ ਕੇ ਰਿਸ਼ਤੇਦਾਰੀ 'ਚ ਅੰਮਿ੍ਤਸਰ ਗਏ ਸਨ। ਸਵੇਰ ਵੇਲੇ ਲਖਵਿੰਦਰ ਸਿੰਘ ਵੀ ਕੰਮ 'ਤੇ ਚਲਾ ਗਿਆ। ਸ਼ਾਮ ਸਾਢੇ 6 ਵਜੇ ਦੇ ਕਰੀਬ ਜਦ ਲਖਵਿੰਦਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਸਨ। ਘਰ ਦੀਆਂ ਅਲ੍ਹਮਾਰੀਆਂ 'ਚੋਂ 15 ਹਜ਼ਾਰ ਦੀ ਨਕਦੀ ਤੇ ਇਕ ਸੋਨੇ ਦੀ ਚੇਨ ਚੋਰੀ ਕਰ ਕੇ ਲੈ ਗਏ ਸਨ। ਪੁਲਿਸ ਨੇ ਲਖਵਿੰਦਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਪੜਤਾਲ ਲਈ ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ 'ਚ ਲੈ ਲਈ ਹੈ।