ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਬੇਖ਼ੌਫ਼ ਚੋਰਾਂ ਵੱਲੋਂ ਦਿਨ-ਦਿਹਾੜੇ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚ ਪੈਂਦੇ ਵਕੀਲ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਮੋਬਾਈਲ, ਲੈਪਟਾਪ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਵਕੀਲ ਵੱਲੋਂ ਥਾਣਾ-ਦੋ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਤਿੰਨ ਹਫ਼ਤਿਆਂ ਤਕ ਕੇਸ ਦੀ ਲੰਬੀ ਪੜਤਾਲ ਕੀਤੀ, ਜਿਸ ਤੋਂ ਬਾਅਦ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਸ ਸਬੰਧੀ ਗਲੀ ਨੰਬਰ-3 ਜਨਕਪੁਰੀ ਦੇ ਵਾਸੀ ਐਡਵੋਕੇਟ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਗਲੀ ਨੰਬਰ-8 'ਚ ਮੁਕੇਸ਼ ਕੜਵਲ ਐਡਵੋਕੇਟ ਨਾਂ ਦਾ ਦਫ਼ਤਰ ਹੈ। 24 ਮਾਰਚ ਨੂੰ ਉਹ ਦੁਪਹਿਰੇ 1 ਵਜੇ ਦੇ ਕਰੀਬ ਦਫ਼ਤਰ ਬੰਦ ਕਰ ਕੇ ਗਲੀ ਨੰਬਰ-3 ਸਥਿਤ ਆਪਣੇ ਘਰ ਖਾਣਾ ਖਾਣ ਗਏ। ਤਕਰੀਬਨ 1 ਵਜੇ ਦੇ ਕਰੀਬ ਮੁਕੇਸ਼ ਜਦ ਦਫ਼ਤਰ ਆਏ ਤਾਂ ਦਫ਼ਤਰ ਦਾ ਸ਼ੀਸ਼ਾ ਟੁੱਟਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮੁਕੇਸ਼ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਸ਼ਾਤਰ ਚੋਰ ਵਾਰਦਾਤ ਨੂੰ ਅੰਜਾਮ ਦੇ ਗਏ ਹਨ। ਮੁਕੇਸ਼ ਮੁਤਾਬਕ ਦਫ਼ਤਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਅੰਦਰੋਂ ਦੋ ਲੈਪਟਾਪ, ਦੋ ਮੋਬਾਈਲ, ਪੰਜ ਪੈੱਨ ਡਰਾਈਵ, ਇਕ ਪਲਾਟ ਦੀ ਰਜਿਸਟਰੀ ਤੇ ਇਕ ਆਧਾਰ ਕਾਰਡ ਚੋਰੀ ਹੋ ਚੁੱਕਾ ਸੀ। ਮੁਕੇਸ਼ ਨੇ ਦੱਸਿਆ ਕਿ ਇਸ ਬਾਰੇ ਥਾਣਾ-ਦੋ ਦੀ ਪੁਲਿਸ ਨੂੰ ਦੱਸਿਆ ਗਿਆ ਹੈ। ਪੁਲਿਸ ਨੇ ਦਫ਼ਤਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲਈਆਂ। ਫੁਟੇਜ 'ਚ ਇਕ ਸ਼ੱਕੀ ਵਿਅਕਤੀ ਦੁਕਾਨ ਵੱਲ ਜਾਂਦਾ ਦਿੱਸਿਆ, ਪਰ ਪਰ ਉਸ ਦਾ ਚਿਹਰਾ ਸਾਫ਼ ਨਾ ਹੋ ਸਕਿਆ।ਤਫ਼ਤੀਸ਼ੀ ਅਫ਼ਸਰ ਅਵਤਾਰ ਸਿੰਘ ਨੇ ਕਿਹਾ ਕਿ ਮੁਕੇਸ਼ ਕੁਮਾਰ ਦੇ ਬਿਆਨਾਂ 'ਤੇ ਐੱਫਆਈਆਰ ਦਰਜ ਕਰ ਕੇ ਕੇਸ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ।