ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਰਹੱਦਾਂ ਸੀਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਉਦੋਂ ਖੋਖਲੇ ਦਿਖਾਈ ਦਿੱਤੇ ਜਦੋਂ 3 ਵਿਅਕਤੀ ਕੈਥਲ ਤੋਂ 200 ਕਿਲੋਮੀਟਰ ਲੰਮਾ ਪੈਂਡਾ ਤੈਅ ਕਰ ਪੈਦਲ ਹੀ ਨਵਾਂਸ਼ਹਿਰ ਨੇੜ੍ਹੇ ਪੁੱਜ ਗਏ ਹਨ।

ਅੱਜ ਮਾਛੀਵਾੜਾ-ਰਾਹੋਂ ਰੋਡ 'ਤੇ ਇਹ 3 ਵਿਅਕਤੀ ਪੈਦਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਵਲੋਂ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿਖੇ ਕੰਬਾਇਨ ਚਲਾਉਣ ਗਏ ਹੋਏ ਸਨ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਊਨ ਹੋਣ ਕਾਰਨ ਉਹ ਉਥੇ ਹੀ ਫਸ ਗਏ। ਇਨ੍ਹਾਂ ਵਿਅਕਤੀਆਂ ਅਨੁਸਾਰ ਉਹ ਮੱਧ ਪ੍ਰਦੇਸ਼ ਤੋਂ ਕੈਥਲ ਤੱਕ ਕਿਸੇ ਤਰੀਕੇ ਪੁੱਜ ਗਏ ਪਰ ਉਥੋਂ ਕੋਈ ਵੀ ਵਾਹਨ ਨਾ ਮਿਲਣ ਕਾਰਨ ਉਨ੍ਹਾਂ ਪੈਦਲ ਹੀ ਆਪਣੇ ਘਰ ਪਰਤਣ ਦੀ ਸੋਚੀ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਹ 27 ਅਪ੍ਰਰੈਲ ਨੂੰ ਕੈਥਲ ਤੋਂ ਪੈਦਲ ਚੱਲੇ ਤੇ ਉਨ੍ਹਾਂ ਪੰਜਾਬ-ਹਰਿਆਣਾ ਦੀ ਸਰਹੱਦ ਤੋਂ ਲੰਘਣ ਵੇਲੇ ਕਿਸੇ ਨਾ ਰੋਕਿਆ ਤੇ ਨਾ ਹੀ ਕਿਸੇ ਸ਼ਹਿਰ 'ਚ ਉਨ੍ਹਾਂ ਦੀ ਜਾਂਚ ਹੋਈ। ਇਨ੍ਹਾਂ ਵਿਅਕਤੀਆਂ ਅਨੁਸਾਰ ਉਹ ਨਵਾਂਸ਼ਹਿਰ ਜਿਲ੍ਹੇ ਦੇ ਰਹਿਣ ਵਾਲੇ ਹਨ ਤੇ ਦੇਰ ਸ਼ਾਮ ਤੱਕ ਉਹ ਕਰੀਬ 200 ਕਿਲੋਮੀਟਰ ਲੰਮਾ ਪੈਂਡਾ ਤੈਅ ਕਰ ਆਪਣੇ ਪਿੰਡ ਪੁੱਜ ਜਾਣਗੇ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਯਾਤਰੀਆਂ ਤੇ ਰਾਜਸਥਾਨ ਤੋਂ ਆਏ ਵਿਦਿਆਰਥੀਆਂ ਦੀ ਜਾਂਚ ਦੌਰਾਨ ਕਈ ਵਿਅਕਤੀ ਕਰੋਨਾ ਪਾਜ਼ੇਟਿਵ ਨਿਕਲ ਰਹੇ ਹਨ ਤੇ ਇਨ੍ਹਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਕਿੰਨੇ ਹੋਰ ਲੋਕ ਪੰਜਾਬ ਅੰਦਰ ਦਾਖਲ ਹੋ ਰਹੇ ਹੋਣਗੇ ਜਿਨ੍ਹਾਂ ਦੀ ਕੋਈ ਮੈਡੀਕਲ ਜਾਂਚ ਨਹੀਂ ਹੋ ਰਹੀ ਜੋ ਕਿ ਕਰੋਨਾ ਫੈਲਾਉਣਾ ਦਾ ਖ਼ਤਰਾ ਖੜ੍ਹਾ ਕਰ ਸਕਦੇ ਹਨ।