ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਨਕਾਬਪੋਸ਼ ਤਿੰਨ ਹਮਲਾਵਰਾਂ ਨੇ ਨੌਜਵਾਨ ਦੀ ਧੌਣ ਤੇ ਚਾਕੂ ਰੱਖ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ 26 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਲੁੱਟ ਲਿਆ। ਨੌਜਵਾਨ ਮੁਤਾਬਕ ਇਹ ਹਮਲਾ ਸੋਨੀਆ ਅਤੇ ਦਲੀਪ ਨੇ ਮਿਲ ਕੇ ਕਰਵਾਇਆ ਹੈ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਗੁਲਾਬੀ ਬਾਗ ਦੇ ਵਾਸੀ ਮੁਹੰਮਦ ਸੈਫ ਦੇ ਬਿਆਨਾਂ 'ਤੇ ਦਲੀਪ ਕੁਮਾਰ, ਸੋਨੀਆ ਅਤੇ ਤਿੰਨ ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਹੰਮਦ ਸੈਫ ਨੇ ਦੱਸਿਆ ਕਿ ਉਸ ਦੀ ਸੋਨੀਆ ਨਾਲ ਦੋਸਤੀ ਸੀ, ਦਲੀਪ ਦੇ ਵਿਚ ਆ ਜਾਣ ਕਾਰਨ ਦੋਵਾਂ ਦੀ ਦੋਸਤੀ ਟੁੱਟ ਗਈ। ਮੁਹੰਮਦ ਸੈਫ ਨੇ ਦੱਸਿਆ ਕਿ ਰਾਤ ਸਾਢੇ ਅੱਠ ਵਜੇ ਦੇ ਕਰੀਬ ਉਹ ਆਪਣੀ ਦੁਕਾਨ ਬੰਦ ਕਰ ਕੇ ਦੌਲਤ ਕਾਲੋਨੀ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਨਕਾਬਪੋਸ਼ ਬਦਮਾਸ਼ਾਂ ਨੇ ਹੋਟਲ ਨਿਊ ਮਾਧੋਪੁਰ ਦੇ ਕੋਲ ਉਸ ਨੂੰ ਘੇਰ ਲਿਆ। ਧੌਣ ਤੇ ਚਾਕੂ ਰੱਖ ਕੇ ਬਦਮਾਸ਼ਾਂ ਨੇ ਮੁਹੰਮਦ ਸੈਫ ਕੋਲੋਂ ਓਪੋ ਦਾ ਮੋਬਾਈਲ ਫੋਨ ਅਤੇ 26 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਮੁਹੰਮਦ ਸੈਫ ਦਾ ਕਹਿਣਾ ਹੈ ਕਿ ਇਹ ਹਮਲਾ ਸੋਨੀਆ ਤੇ ਦਲੀਪ ਨੇ ਮਿਲ ਕੇ ਕਰਵਾਇਆ ਹੈ।ਮੁਹੰਮਦ ਸੈਫ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਸ ਦੀ ਤਿੰਨ ਵਾਰ ਕੁੱਟਮਾਰ ਕੀਤੀ ਗਈ ਸੀ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪੁਲਿਸ ਨੇ ਸੋਨੀਆ, ਦਲੀਪ ਅਤੇ ਹਮਲਾ ਕਰਨ ਵਾਲੇ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਦੇ ਖਿਲਾਫ਼ ਲੁੱਟ ਖੋਹ ਲੜਾਈ-ਝਗੜਾ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।