ਮਨੀਸ਼ ਸਚਦੇਵਾ/ਬਲਜੀਤ ਸਿੰਘ ਬਘੌਰ, ਸਮਰਾਲਾ :

ਝੋਨਾ ਖ਼ਰੀਦਣ ਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਆਨਲਾਈਨ ਮੀਟਿੰਗ ਐੱਸਡੀਐੱਮ ਸਮਰਾਲਾ ਗੀਤਿਕਾ ਸਿੰਘ ਦੀ ਦੇਖ-ਰੇਖ 'ਚ ਹੋਈ, ਜਿਸ 'ਚ ਮਾਰਕਿਟ ਕਮੇਟੀ ਦੇ ਸਕੱਤਰ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ, ਤਹਿਸੀਲਦਾਰ ਸਮਰਾਲਾ ਤੇ ਡੀਐੱਸਪੀ ਸਮਰਾਲਾ ਨੇ ਸ਼ਮੂਲੀਅਤ ਕੀਤੀ। ਐੱਸਡੀਐੱਮ ਗੀਤਿਕਾ ਸਿੰਘ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ, ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਮੰਡੀਆਂ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ ਤੇ ਪੀਣਯੋਗ ਪਾਣੀ ਤੇ ਲਾਈਟਾਂ ਦੇ ਪ੍ਰਬੰਧ ਕੀਤੀ ਜਾ ਚੁੱਕੇ ਹਨ। ਮੀਟਿੰਗ ਦੌਰਾਨ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਖਰੀਦੀ ਗਈ ਫ਼ਸਲ ਸਮੇਂ ਸਿਰ ਚੁੱਕਣਾ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਤੇ ਚੈਕਿੰਗ ਲਈ ਪਟਵਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਝੋਨੇ ਦੀ ਨਾੜ ਨੂੰ ਅੱਗ ਨਾ ਲਾਉਣ ਬਾਰੇ ਡੀਐੱਸਪੀ ਸਮਰਾਲਾ, ਬੀਡੀਪੀਓ, ਤਹਿਸੀਲਦਾਰ ਸਮਰਾਲਾ, ਖੇਤੀਬਾੜੀ ਅਫਸਰ, ਐੱਸਡੀਓ ਪ੍ਰਦੂਸ਼ਣ ਬੋਰਡ ਤੇ ਸਹਾਇਕ ਰਜਿਸਟਰਾਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਬੀਡੀਪੀਓ ਨੂੰ ਪੰਚਾਇਤਾਂ ਨਾਲ ਤੇ ਖੇਤੀਬਾੜੀ ਅਫਸਰਾਂ ਨੂੰ ਕਿਸਾਨਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ। ਐੱਸਡੀਓ ਪ੍ਰਦੂਸ਼ਣ ਬੋਰਡ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।