ਭੁਪਿੰਦਰ ਸਿੰਘ, ਲੁਧਿਆਣਾ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਉਪਰ ਦੇਸ਼ ਭਰ ਵਿਚ 10 ਲੱਖ ਤੋਂ ਵਧੇਰੇ ਬੈਂਕ ਮੁਲਾਜ਼ਮਾਂ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ। ਫੁਹਾਰਾ ਵਾਲਾ ਚੌਕ ਨੇੜੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਅੱਜ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿਚ ਬੈਂਕ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਵਿਰੋਧੀ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ ਗਈ। ਇੱਥੇ ਵਰਨਣਯੋਗ ਹੈ ਕਿ ਬੈਂਕ ਅੱਜ ਲਗਾਤਾਰ ਦੂਜੇ ਦਿਨ ਜਿਥੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਥੇ ਹੀ ਬੈਂਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਨਾ ਤਾਂ ਸੋਮਵਾਰ ਵਾਲੇ ਦਿਨ ਬੈਂਕ ਮੁਲਾਜ਼ਮਾਂ ਵੱਲੋਂ ਕੰਮਕਾਰ ਕੀਤਾ ਗਿਆ। ਨਾ ਹੀ ਅੱਜ ਮੰਗਲਵਾਰ ਬੈਂਕਾਂ ਵਿਚ ਕੋਈ ਵੀ ਕੰਮਕਾਜ ਹੋਇਆ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਨਰੇਸ਼ ਗੌੜ ਨੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਬੈਂਕਾਂ ਦੇ ਨਿੱਜੀਕਰਨ ਦੇ ਨਾਲ ਜਨਤਕ ਖੇਤਰਾਂ ਦੇ ਬੈਂਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਸਰਕਾਰ ਦੀਆਂ ਯੋਜਨਾਵਾਂ ਉੱਤੇ ਪਹਿਰਾ ਦਿੰਦੇ ਹੋਏ ਸਖ਼ਤ ਮਿਹਨਤ ਕਰਦੇ ਹਨ ਇਸ ਦੇ ਬਾਵਜੂਦ ਸਰਕਾਰ ਜਨਤਕ ਖੇਤਰ ਦੇ ਬੈਂਕਾਂ ਨੂੰ ਬੰਦ ਕਰਨ ਉੱਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਨਾ ਕੇਵਲ ਬੈਂਕ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਬਲਕਿ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਬਚਤ ਕਰਨ ਵਾਲੇ ਆਮ ਲੋਕ ਵੀ ਪ੍ਰਭਾਵਿਤ ਹੋਣਗੇ।

Posted By: Tejinder Thind